ਛੱਪੜ ਕਿ ਸਰੋਵਰ ?


ਪੋਸਟ ਦਾ ਟਾਈਟਲ ਸ਼ਾਇਦ ਸਰੋਵਰ ਭਗਤਾਂ ਨੂੰ ਪਸੰਦ ਨਾ ਆਵੇ ਪਰ ਅਸਲੀਅਤ ਨਹੀਂ ਬਦਲ ਸਕਦੀ ।
ਕਦੇ ਸੋਚਿਆ ਕਿ ਲੱਗ-ਭਗ ਹਰ ਪਿੰਡ ਵਿੱਚ ਛੱਪੜ (ਟੋਭਾ) ਕਿਉਂ ਹੈ ? ਕਈ ਵੱਡੇ ਪਿੰਡਾਂ ਜਾ ਕਸਬਿਆਂ ਵਿੱਚ ਤਾਂ ਦੋ-ਦੋ ਟੋਭੇ ਵੀ ਹਨ ਪਤਾ ਕਿਉਂ ?
ਅੱਜ ਲੋਕਾਂ ਕੋਲ ਪਾਣੀ ਦੀ ਜਰੂਰਤ ਪੂਰੀ ਕਰਨ ਲਈ ਬਹੁਤ ਸਾਧਨ ਹਨ ਪਰ ਜੇ ਅੱਜ ਤੋਂ ਚਾਲ਼ੀ ਕੁ ਸਾਲ ਪਿੱਛੇ ਜਾਈਏ ਤਾਂ ਹਰ ਘਰ ਵਿੱਚ ਲੱਗਾ ਨਲ਼ਕਾ ਪਾਣੀ ਦੀ ਜਰੂਰਤ ਪੂਰੀ ਕਰਦਾ ਸੀ, ਜੇ ਹੋਰ ਪਿੱਛੇ ਜਾਈਏ ਤਾਂ ਹਰ ਪਿੰਡ ਵਿੱਚ ਇੱਕ ਸਾਂਝਾ ਹਲਟੀ ਵਾਲ਼ਾ ਖੂਹ ਹੁੰਦਾ ਸੀ ਜਿੱਥੋਂ ਸਾਰੇ ਪਿੰਡ ਦੀ ਪਾਣੀ ਦੀ ਜਰੂਰਤ ਪੂਰੀ ਹੁੰਦੀ ਸੀ, ਉਸ ਤੋਂ ਪਹਿਲਾਂ ਤਾਂ ਸਿਰਫ਼ ਟੋਭੇ ਹੀ ਸਾਧਨ ਸਨ ਪਾਣੀ ਦੀ ਜਰੂਰਤ ਪੂਰੀ ਕਰਨ ਲਈ, ਪਰ ਹੁਣ ਟੋਭਿਆਂ ਦੀ ਲੋੜ ਨਹੀਂ ਹੈ ਇਸ ਕਰਕੇ ਬਹੁਤੇ ਪਿੰਡਾਂ ਵਿੱਚ ਟੋਭੇ ਪੂਰ ਦਿੱਤੇ ਹਨ ਜਾਂ ਪਿੰਡ ਦਾ ਗੰਦਾ ਪਾਣੀ ਟੋਭਿਆਂ ਵਿੱਚ ਪਾ ਦਿੱਤਾ ਗਿਆ ਹੈ ।
ਬੱਸ ਪਾਣੀ ਦੀ ਜਰੂਰਤ ਨੂੰ ਮੁੱਖ ਰੱਖ ਕੇ ਹੀ ਗੁਰੂ ਸਾਹਿਬਾਨਾਂ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ-ਇੱਕ ਕਰਕੇ ਜਿਉਂ-ਜਿਉਂ ਪਾਣੀ ਦੀ ਜਰੂਰਤ ਵਧਦੀ ਗਈ ਪੰਜ ਛੱਪੜ ਪਟਵਾਏ ਸੀ, ਜੋ ਅੱਜ ਇਹ ਕੋਈ ਅਹਿਮੀਅਤ ਨਹੀਂ ਰੱਖਦੇ ।
ਸਿੱਖਾਂ ਦਾ ਅੰਮ੍ਰਿਤ ਸਰੋਵਰ ਅਤੇ ਤੀਰਥ ਅਸਥਾਨ ਸਿਰਫ਼ ਗੁਰਬਾਣੀ ਦਾ ਗਿਆਨ ਹੈ ।
ਆਓ ਹੁਣ ਹਰੀਮੰਦਰ (ਦਰਬਾਰ) ਸਾਹਿਬ ਦੇ ਕਰਾਮਾਤੀ ਸਰੋਵਰ ਨਾਲ ਜੁੜਦੀਆਂ ਕਹਾਣੀਆਂ ਦਾ ਜਿਕਰ ਕਰੀਏ ਜੋ ਆਉਣ ਵਾਲੇ ਸਮੇਂ ਵਿੱਚ ਹਰੀਮੰਦਰ ਅਤੇ ਸਰੋਵਰ ਨੂੰ ਹਿੰਦੂਆਂ ਦਾ ਤੀਰਥ ਅਸਥਾਨ ਸਿੱਧ ਕਰਨਗੀਆਂ ।
੧ – ਹਰੀ ਦੇ ਮੰਦਰ ਸਰੋਵਰ ਤੋ ਪਹਿਲਾਂ ਉੱਥੇ ਇੱਕ ਛਪੜੀ ਸੀ, ਪੱਟੀ ਦੇ ਰਾਜੇ ਦੁਨੀ ਚੰਦ ਨੇ ਆਪਣੀ ਲੜਕੀ ਰਜਨੀ ਇੱਕ ਕੋਹੜੀ ਨਾਲ ਵਿਆਹ ਦਿੱਤੀ ਉਹ ਕੋਹੜੀ ਉਸ ਛਪੜੀ ਵਿੱਚ ਨਹਾ ਕੇ ਠੀਕ ਹੋ ਗਿਆ, ਕਾਲ਼ੇ ਕਾਂ ਵੀ ਉਸ ਛੱਪੜੀ ਵਿੱਚ ਨਹਾ ਕੇ ਚਿੱਟੇ ਹੋ ਜਾਂਦੇ ਸਨ |
ਪੱਟੀ ਦਾ ਰਾਜਾ ਕਿਹੜੇ ਸੰਨ ਵਿੱਚ ਹੋਇਆ ? ਕੋਈ ਪਤਾ ਨਹੀਂ, ਰਜਨੀ ਦਾ ਵਿਆਹ ਕਦੋਂ ਹੋਇਆ ? ਕੋਈ ਪਤਾ ਨਹੀਂ, ਪਿੰਗਲਾ ਕੋਹੜੀ ਠੀਕ ਕਿਹੜੇ ਸੰਨ ਵਿੱਚ ਹੋਇਆ ? ਕੋਈ ਪਤਾ ਨਹੀਂ ।
੨ – ਜਦੋਂ ਦੇਵਤਿਆਂ ਨੇ ਸਮੁੰਦਰ ਰਿੜਕਿਆ ਸੀ ਉਸ ਵਿੱਚੋਂ ਚੌਦਾਂ ਰਤਨ ਨਿਕਲੇ ਸਨ, ਚੌਦ੍ਹਵਾਂ ਰਤਨ ਸੀ ਸ਼ਰਾਬ ਜੋ ਦੈਂਤਾਂ ਨੇ ਪੀਤੀ, ਪਹਿਲਾ ਰਤਨ ਸੀ ਅੰਮ੍ਰਿਤ ਜੋ ਦੇਵਤਿਆਂ ਨੇ ਪੀਤਾ ਸੀ, ਜੋ ਅੰਮ੍ਰਿਤ ਪੀਣ ਤੋਂ ਬਚ ਗਿਆ ਸੀ ਉਸ ਨੂੰ ਪੀਣ ਲਈ ਦੈਂਤ ਦੇਵਤਿਆਂ ਦੇ ਮਗਰ ਭੱਜ ਪਏ ਅੰਮ੍ਰਿਤ ਦਾ ਕੌਲ ਲੈਕੇ ਭੱਜੇ ਜਾਂਦੇ ਦੇਵਤਿਆਂ ਤੋਂ ਦਰਬਾਰ ਸਾਹਿਬ ਸਰੋਵਰ ਵਾਲੀ ਜਗ੍ਹਾ ਤੇ ਕੌਲੇ ਵਿੱਚੋਂ ਛਲਕ ਕੇ ਕੁਝ ਅੰਮ੍ਰਿਤ ਥੱਲੇ ਡਿਗ ਪਿਆ ਸੀ ਬਾਕੀ ਬਚਦਾ ਅੰਮ੍ਰਿਤ ਦੇਵਤਿਆਂ ਨੇ ਹਰੀਦਵਾਰ ਡੋਲ ਦਿੱਤਾ ਸੀ, ਭਾਵ-ਹਰੀਦਵਾਰ ਤੇ ਹਰੀਮੰਦਰ ਸਾਹਿਬ ਵਿੱਚ ਕੋਈ ਫਰਕ ਨਹੀਂ ਹੈ।
੩ – ਜਦੋਂ ਰਾਮਚੰਦਰ ਦੇ ਭਾਈ ਲਛਮਨ ਦੇ ਬੇਹੋਸ਼ ਹੋਣ ਤੇ ਹਨੂੰਮਾਨ ਪਹਾੜੀ ਚੁੱਕ ਕੇ ਲਿਆ ਰਿਹਾ ਸੀ ਉੱਡੇ ਜਾਂਦੇ ਹਨੂੰਮਾਨ ਤੋਂ ਕੁਝ ਪਹਾੜੀ ਦੀ ਮਿੱਟੀ ਹਰੀਮੰਦਰ ਸਾਹਿਬ ਵਾਲੇ ਅਸਥਾਨ ਤੇ ਡਿੱਗ ਪਈ ਸੀ, ਉਸ ਮਿੱਟੀ ਦੀ ਸ਼ਕਤੀ ਨਾਲ਼ ਹੀ ਅੱਜ ਲੋਕਾਂ ਦੇ ਦੁੱਖ ਠੀਕ ਹੋ ਰਹੇ ਹਨ ।
੪ – ਸੱਤ ਯੁੱਗ ਦੇ ਸਮੇਂ ਹਿੰਦੂ ਰਿਸ਼ੀਆਂ ਨੇ ਹਰੀਮੰਦਰ ਸਾਹਿਬ ਵਾਲ਼ੇ ਅਸਥਾਨ ਤੇ ਤਪੱਸਿਆ ਕੀਤੀ ਸੀ ।
੫ – ਜਦੋਂ ਸਰੋਵਰ ਦੀ ਖੁਦਾਈ ਤੇ ਹਰੀਮੰਦਰ ਸਾਹਿਬ ਦੀ ਉਸਾਰੀ ਹੋ ਰਹੀ ਸੀ ਵਿਸ਼ਨੂੰ (ਹਿੰਦੂਆਂ ਦਾ ਦੇਵਤਾ) ਨੇ ਸਿਰ ਤੇ ਮਿੱਟੀ ਦੀ ਟੋਕਰੀ ਢੋਹ ਕੇ ਸੇਵਾ ਕੀਤੀ ਸੀ ।
੬ – ਇੱਕ ਹੋਰ ਦਿਲਚਸਪ ਸਾਖੀ ਜੋ ਮਸਕੀਨ ਜੀ ਨੇ ਵੀ ਸੁਣਾਈ ਹੋਈ ਹੈ, ਜਦੋਂ ਸਰੋਵਰ ਦੀ ਖੁਦਾਈ ਹੋ ਰਹੀ ਸੀ ਥੱਲਿਉਂ ਇੱਕ ਮੱਟ ਨਿਕਲਿਆ ਜਦੋਂ ਉਸ ਮੱਟ ਦਾ ਢੱਕਣ ਚੁੱਕਿਆ ਤਾਂ ਵਿੱਚ ਇੱਕ ਜੋਗੀ ਦੀ ਸਮਾਧੀ ਲੱਗੀ ਹੋਈ ਸੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਆਖਿਆ ਕਿ ਇਸ ਦੀ ਚੰਗੀ ਤਰਾਂ ਮਾਲਸ਼ ਕਰੋ ਮਾਲਸ਼ ਕਰਦਿਆਂ ਜਦੋਂ ਉਸ ਜੋਗੀ ਦੀ ਸਮਾਧੀ ਖੁੱਲ੍ਹੀ ਤਾਂ ਉਸ ਨੇ ਪੁੱਛਿਆ ਕਿ ਇਹ ਕਿਹੜਾ ਯੁੱਗ ਚੱਲ ਰਿਹਾ ਹੈ, ਗੁਰੂ ਜੀ ਨੇ ਦੱਸਿਆ ਕਿ ਇਹ ਕਲ਼ਯੁੱਗ ਹੈ ਉਸ ਜੋਗੀ ਨੇ ਕਿਹਾ ਮੈ ਇਸ ਮੱਟ ਵਿੱਚ ਸੱਤਯੁਗ ਦੀ ਸਮਾਧੀ ਲਾਈ ਹੋਈ ਹੈ, ਉਸ ਜੋਗੀ ਦਾ ਨਾਮ ਸੰਤੋਖਾ ਜੋਗੀ ਸੀ ਜੋ ਬਾਅਦ ਵਿੱਚ ਭਾਈ ਸੰਤੋਖਾ ਬਣਿਆ ।
ਇਹ ਕਹਾਣੀਆਂ ਸਿੱਖ ਸਟੇਜਾਂ ਤੋਂ ਸੁਣਾਈਆਂ ਜਾ ਚੁੱਕੀਆਂ ਹਨ ਤੇ ਸੁਣਾਈਆਂ ਜਾ ਰਹੀਆਂ ਹਨ ਅਤੇ ਡੇਰੇਦਾਰਾਂ ਦੀਆਂ ਕਿਤਾਬਾਂ ਵਿੱਚ ਲਿਖੀਆਂ ਪਈਆਂ ਹਨ ।
ਜਿਸ ਦਿਨ ਹਿੰਦੂਆਂ ਨੇ ਇਹ ਦਾਅਵਾ ਕਰ ਦਿੱਤਾ ਕਿ ਦਰਬਾਰ ਸਾਹਿਬ ਸਾਡਾ ਤੀਰਥ ਅਸਥਾਨ ਹੈ ਅਤੇ ਹਰੀਮੰਦਰ ਵਿਸ਼ਨੂੰ ਦਾ ਮੰਦਰ ਹੈ ਉਸ ਦਿਨ ਸਿੱਖਾਂ ਕੋਲ ਕੋਈ ਜਵਾਬ ਨਹੀਂ ਹੋਵੇਗਾ, ਕਿਉਂਕਿ ਇਹ ਕਹਾਣੀਆਂ ਹੀ ਸਿੱਧ ਕਰਨਗੀਆਂ ਕਿ ਇਹ ਹਿੰਦੂਆਂ ਦੇ ਤੀਰਥ ਅਸਥਾਨ ਹਨ ।
ਜਿਹੜੇ ਸਿੱਖ ਇਹ ਸੋਚਦੇ ਹਨ ਕਿ ਸਾਡੇ ਹਰੀਮੰਦਰ ਜਾਂ ਸਰੋਵਰ ਵਿੱਚ ਬਹੁਤ ਸ਼ਕਤੀ ਹੈ ਉਹ ਸਿੱਖ ਬਹੁਤ ਭੁਲੇਖੇ ਵਿੱਚ ਹਨ, ਮਿਸਾਲ ਸਾਡੇ ਸਾਹਮਣੇ ਹੈ ਮੁਸਲਮਾਨਾਂ ਕੋਲ਼ ਵੀ ਬਹੁਤ ਸ਼ਕਤੀ ਹੈ ਪੂਰੀ ਦੁਨੀਆਂ ਵਿੱਚ ਪੰਜਾਹ ਦੇਸ਼ ਹਨ ਮੁਸਲਮਾਨਾਂ ਦੇ ਰੱਬ ਉਹਨਾਂ ਦਾ ਵੀ ਉਹੀ ਹੈ ਜੋ ਸਾਡਾ ਹੈ, ਸਿੱਖਾਂ ਨਾਲੋਂ 15% ਜਿਆਦਾ ਆਬਾਦੀ ਹੈ ਮੁਸਲਮਾਨਾਂ ਦੀ ਬਾਬਰੀ ਮਸਜਿਦ ਦਾ ਇੰਡੀਆ ਵਿੱਚ ਕੀ ਬਣਿਆ ?????
ਮੁਸਲਮਾਨਾਂ ਦੀ ਕੋਈ ਕਹਾਣੀ ਕੋਈ ਕਿਤਾਬ ਇਹ ਸਿੱਧ ਨਹੀਂ ਕਰਦੀ ਕਿ ਬਾਬਰੀ ਮਸਜਿਦ ਨਾਲ ਕਦੇ ਵੀ ਹਿੰਦੂਆਂ ਦਾ ਕੋਈ ਸਬੰਧ ਰਿਹਾ ਹੈ ਫਿਰ ਵੀ ਅਗਲਿਆਂ ਨੇ ਬਾਬਰੀ ਮਸਜਿਦ ਦੀਆਂ ਕੰਧਾ ਵਿੱਚੋਂ ਵੀ ਰਾਮਚੰਦਰ ਦੀਆਂ ਮੂਰਤੀਆਂ ਕੱਢ ਦਿੱਤੀਆਂ ਹਨ, ਕੀ ਦਰਬਾਰ ਸਾਹਿਬ ਦੇ ਸਰੋਵਰਾਂ ਵਿੱਚੋਂ ਨਹੀਂ ਨਿਕਲ ਸਕਦੀਆਂ ?????
ਦਰਬਾਰ ਸਾਹਿਬ ਦੀਆਂ ਕੰਧਾਂ ਤੇ ਉਕਰੀਆਂ ਦੇਵਤਿਆਂ ਦੀਆਂ ਪਿਕਟਿੰਗਾਂ ਹਿੰਦੂਆਂ ਦੇ ਮੰਦਿਰ ਨਹੀਂ ਸਾਬਤ ਕਰਨਗੀਆਂ ??????
ਹਿੰਦੂਆਂ ਕੋਲ ਦਿਮਾਗ਼ ਹੈ ਉਹਨਾਂ ਨੇ ਜੋ ਦੋ ਸੌ ਸਾਲ ਬਾਅਦ ਕੰਮ ਕਰਨਾ ਹੁੰਦਾ ਹੈ ਉਸ ਦਾ ਪਲੈਨ ਅੱਜ ਸ਼ੁਰੂ ਕਰਦੇ ਹਨ,
ਤੇ ਸਿੱਖ ? ਜੋ ਦੋ ਸੌ ਸਾਲ ਪਹਿਲਾਂ ਬੇੜਾ ਗਰਕਿਆ ਉਸ ਨੂੰ ਸਮਝਣ ਦੀ ਅੱਜ ਵੀ ਕੋਸ਼ਿਸ਼ ਨਹੀਂ ਕਰਦੇ ।
ਯਾਦ ਰੱਖੋ ਸਿੱਖੋ ਜਦੋਂ ਉਹ ਉਧਰੋਂ ਵਿਹਲੇ ਹੋਏ ਵਾਰੀ ਸਿੱਖੋ ਤੁਹਾਡੀ ਹੀ ਹੈ, ਜਿਹੜੇ ਢਾਹ ਸਕਦੇ ਹਨ ਉਹ ਹੱਕ ਵੀ ਜਿਤਾ ਸਕਦੇ ਹਨ ।
ਅਖੀਰ ਵਿੱਚ ਇਹੀ ਕਹਾਂਗਾ ਕਿ ਦਰਬਾਰ ਸਾਹਿਬ ਨਾ ਤਾਂ ਸਿੱਖਾਂ ਦਾ ਮੱਕਾ ਹੈ ਨਾ ਹੀ ਤੀਰਥ ਅਸਥਾਨ ਹੈ ਤੇ ਨਾ ਹੀ ਅੰਮ੍ਰਿਤ ਸਰੋਵਰ ਹੈ |
ਦਰਬਾਰ ਸਾਹਿਬ ਸਿਰਫ਼ ਸਿੱਖੀ ਪ੍ਰਚਾਰ ਦਾ ਕੇਂਦਰ ਹੈ।——————-ਸਤਿਨਾਮ ਸਿੰਘ