ਗੁਰਿੰਦਰ ਸਿੰਘ ਬਰਾੜ


“ਸੱਚ ਦਾ ਪ੍ਰਤੀਕ-ਖ਼ਾਲਸਾ”

ਸਵਾਲ ਇਹ ਨਹੀਂ ਕਿ ਪਾਣੀ ਗਲਾਸ ਵਿੱਚ ਪੀਣਾ ਹੈ ਜਾਂ ਸਿਧਾ ਝਰਨੇ ਤੋਂ। ਗੱਲ ਪਿਆਸ ਮਿਟਾਉਣ ਦੀ ਹੈ। ਜੋ ਸਿਰਫ ਗਲਾਸ ਨਾਲ ਜੁੜ ਗਿਆ ਉਹ ਪਿਆਸਾ ਵੀ ਮਰ ਸਕਦਾ ਹੈ ਕਿਉਂਕਿ ਜੰਗਲ ਬੇਲਿਆਂ ਵਿੱਚ ਪਾਣੀ ਤਾਂ ਮਿਲ ਜਾਂਦਾ ਹੈ ਪਰ ਗਲਾਸ ਜਾਂ ਪੀਣ ਵਾਲੇ ਬਰਤਨ ਦਾ ਹੋਣਾ ਜਰੂਰੀ ਨਹੀਂ। ਇਸ ਤਰਾਂ ਸਿੱਖ ਦਾ ਪਾਣੀ ਸਿਰਫ ਗੁਰੂ ਬਾਣੀ (ਗੁਰੂ ਗਰੰਥ ਸਹਿਬ ਜੀ ਦੀ ਬਾਣੀ) ਹੈ। ਗੁਰਦੁਆਰੇ ਵਿੱਚ ਅਨੇਕਾਂ ਚੀਜ਼ਾਂ/ਰਸਮਾਂ ਪ੍ਰਤੀਕ ਵਜੋਂ ਹਨ, ਸਿਰਫ ਤੱਤ (ਜਲ) ਹੈ ਤਾਂ ਗੁਰਬਾਣੀ।

ਅੱਜ ਦਾ ਸਿੱਖ ਸਿਰਫ ਪ੍ਰਤੀਕਾਂ ਨਾਲ ਜੁੜ ਚੁਕਿਆ ਹੈ ਪਰ ਗੁਰਬਾਣੀ ਦੇ ਅਸਲ ਭਾਵ ਨਾਲੋਂ ਬਿਲਕੁਲ਼ ਦੂਰ ਹੈ। ਇਹ ਮੰਦਭਾਗੀ ਗੱਲ ਸਿਰਫ ਸਿਖਾਂ ਨਾਲ ਹੀ ਨਹੀਂ ਹੋ ਰਹੀ ਇਹ ਵਰਤਾਰਾ ਸਾਰੀ ਦੁਨੀਆ ਵਿੱਚ ਹੀ ਵਰਤ ਰਿਹਾ ਹੈ। ਇਕ ਗੱਲ ਜਰੂਰ ਹੈ ਕਿ ਪ੍ਰਤੀਕ ਸੱਚ ਨੂੰ ਉਜਾਗਰ ਕਰਨ ਵਾਸਤੇ ਹੁੰਦੇ ਹਨ ਪਰ ਸੱਚ ਪ੍ਰਤੀਕਾਂ ਦਾ ਅਧੀਨ ਵੀ ਨਹੀਂ ਹੁੰਦਾ। ਕਾਰਨ ਇਹ ਹੈ ਕਿ ਪ੍ਰਤੀਕ ਸਮੇਂ ਨਾਲ ਬੇਲੋੜੇ ਜਾਂ ਪੁਰਾਣੇ ਹੋ ਸਕਦੇ ਹਨ ਪਰ ਸੱਚ ਕਦੇ ਪੁਰਾਣਾ ਨਹੀਂ ਥੀਂਦਾ। ਹਮੇਸ਼ਾ ਹੀ ਨਵਾਂ ਤੇ ਸਮੇ ਦਾ ਹਾਣੀ ਰਹਿੰਦਾ ਹੈ।

ਜ਼ਰਾ ਸੋਚੀਏ, ਨਿਸ਼ਾਨ ਸਾਹਿਬ ਇੱਕ ਪ੍ਰਤੀਕ ਹੀ ਤਾਂ ਹੈ ਜੋ ਸੱਚ ਨੂੰ ਦਰਸਾਉਣ ਦਾ ਸਾਧਨ ਹੈ। ਪਰ ਆਪਣੇ ਆਪ ਵਿੱਚ ਅਟੱਲ ਸੱਚ ਨਹੀਂ, ਅਟੱਲ ਸੱਚ ਗੁਰੂ ਦਾ ਸ਼ਬਦ ਹੈ। ਨਿਸ਼ਾਨ ਸਾਹਿਬ ਨੂੰ ਸਿਰਫ ਇੱਕ ਗਲਾਸ ਮਾਤਰ ਹੀ ਜਾਣੋ ਕਿਉਂਕਿ ਇਹ ਪਾਣੀ ਨਹੀਂ। ਪਰ ਜੇ ਕੌਮ ਨਿਸ਼ਾਨ ਸਾਹਿਬ ਨਾਲ ਹੀ ਜੁੜ ਜਾਵੇ ਅਤੇ ਗੁਰੂ ਗਰੰਥ ਸਾਹਿਬ ਜੀ ਦੇ ਵਿਚਾਰ ਨੂੰ ਖੋਜੇ ਹੀ ਨਾ ਜਾਂ ਭੁਲ ਜਾਵੇ ਤੇ ਨਿਸ਼ਾਨ ਸਾਹਿਬ ਨੂੰ ਹੀ ਪੂਜਣਾ/ਮੱਥੇ ਟੇਕਣੇ ਸੁਰੂ ਕਰ ਦੇਵੇ ਤਾਂ ਸਮਝੋ ਉਹ ਪਾਣੀ ਨੂੰ ਰਿੜਕ ਕੇ ਮੱਖਣ ਭਾਲ ਰਹੀ ਹੈ। ਅਜਿਹੀ ਕੌਮ ਦੀ ਹੋਰ ਬਦਕਿਸਮਤੀ ਕੀ ਹੋ ਸਕਦੀ ਹੈ।

ਗੱਲ ਤਾਂ ਸਚਿਆਰਾ (ਸਿੱਖ/ਸਿੰਘ) ਹੋਣ ਦੀ ਹੈ। ਇਹ ਕਿਸ ਤਰਾਂ ਹੋਣਾ ਹੈ ਦਾ ਜਵਾਬ ਹਰ ਸਮੇਂ/ਹਰ ਸਥਾਨ ਵਿੱਚ ਇਕੋ ਜਿਹਾ ਨਹੀਂ ਹੋਵੇਗਾ। ਪੁਰਾਣੇ ਪ੍ਰਤੀਕ ਕੰਮ ਕਰਦੇ ਹਨ ਤਾਂ ਗੁਰੂ ਦਾ ਸੁਕਰ ਕਰੋ, ਨਹੀ ਤਾਂ ਪ੍ਰਤੀਕਾਂ ਵਿੱਚ ਫਸ ਕੇ ਨਿਸ਼ਾਨੇ ਤੋਂ ਪਿਛੇ ਨਾ ਹਟੋ। ਨਿਸ਼ਾਨੇ ਤੋਂ ਉਕ ਗਏ ਤਾਂ ਪ੍ਰਤੀਕਾਂ ਦਾ ਕੀ ਮੁਲ। ਨਵੇਂ ਪ੍ਰਤੀਕਾਂ ਦੀ ਭਾਲ ਕੋਈ ਬੁਰੀ ਨਹੀਂ ਹੈ ਸੋਚ ਦੇ ਦਾਇਰੇ ਨੂੰ ਅੱਗੇ ਲਿਜਾਣਾ ਸਾਡਾ ਮਨੁੱਖੀ ਅਧਿਕਾਰ ਹੀ ਨਹੀਂ ਫਰਜ਼ ਵੀ ਹੈ। ਅਸਲ ਗੱਲ ਗੁਰੂ ਦੀ ਗੱਲ ਸੁਣਨ/ਸਮਝਣ ਅਤੇ ਉਸ ਉਪਰ ਚੱਲਣ ਦੀ ਹੈ। ਬਹੁਤੇ ਸਿੱਖ ਵਿਦਵਾਨ ਇਹ ਗੱਲ ਕਹਿਣ ਤੋਂ ਪਾਸਾ ਵੱਟ ਰਹੇ ਹਨ ਕਿ ਜਿਆਦਾ ਪ੍ਰਤੀਕਾਂ ਦੇ ਧਾਰਨੀ ਹੀ ਮਨਮਤੀ ਕਰਮ ਕਰ ਰਹੇ ਹਨ। ਗੁਰੂ ਨਾਨਕ ਦੇਵ ਜੀ ਪ੍ਰਤੀਕਾਂ ਵਿੱਚ ਜਕੜੇ ਹੋਏ ਸੱਚ ਨੂੰ ਬਾਹਰ ਕੱਢਦੇ ਹਨ ਅਤੇ ਹਰ ਮਨੁੱਖ ਮਾਤਰ ਦੀ ਸੋਚ/ਮਤ ਨੂੰ ਉਚੀ ਤੇ ਅੱਗੇ ਤੋਂ ਅੱਗੇ ਲੈ ਕੇ ਜਾਣ ਦੇ ਵਿੱਚ ਸਹਾਇਤਾ ਕਰਦੇ ਹਨ। ਪਰ ਪੁਜਾਰੀ ਜਮਾਤ, ਡੇਰੇਦਾਰ ਜਾਂ ਕਰਮਕਾਂਡੀ ਲੁਕਾਈ ਆਮ ਕਰ ਕੇ ਪ੍ਰਤੀਕਾਂ ਦੇ ਅਧੀਨ ਹੋਣ ਨੂੰ ਹੀ ਸਿੱਖੀ ਸਮਝਦੀ ਹੈ।

ਜੇ ਕੋਈ ਮਨੁੱਖ ਪ੍ਰਤੀਕਾਂ ਦੀ ਸਹਾਇਤਾ ਨਾਲ ਸੱਚ ਵਲ ਨੂੰ ਵਧਦਾ ਹੈ ਅਤੇ ਪ੍ਰਤੀਕਾਂ ਨੂੰ ਇੱਕ ਰੇਲ ਗੱਡੀ ਮਾਤਰ ਲੈਂਦਾ ਹੈ ਤਾਂ ਗੁਰੂ ਉਸ ਨੂੰ ਪਲਕਾਂ ਉਪਰ ਬਿਠਾਂਦਾ ਹੈ ਪਰ ਜੇ ਉਹ ਪਾਂਧੀ ਗੱਡੀ ਵਿੱਚ ਹੀ ਬੈਠਾ ਸਟੇਸ਼ਨ ਦਰ ਸਟੇਸ਼ਨ ਹੀ ਭਟਕਦਾ ਰਹੇ ਤਾਂ ਗੁਰੂ ਕੋਲ ਪਹੁੰਚ ਕਦ ਹੋਈ, ਕਦ ਗੁਰੂ ਦੀ ਦਰਸਾਈ ਮੰਜ਼ਲ ਨਸੀਬ ਹੋਈ?

ਗੱਲ ਤਾਂ ਗੁਰੁ ਨਾਨਕ ਕੋਲ ਪਹੁੰਚਣ ਦੀ ਹੈ; ਕਿਦਾਂ ਪਹੁੰਚਣਾ ਹੈ, ਕਿਹੜਾ ਰਾਹ ਚੁਣਨਾ ਹੈ, ਇਹ ਇੱਕ ਵਿਅਕਤੀਗਤ ਸਮੱਸਿਆ ਹੈ। ਪ੍ਰਤੀਕ ਸਮੇਂ ਨਾਲ ਬਦਲੇ ਜਾਣੇ ਬੁਧੀਮਾਨਤਾ ਹੈ, ਨਹੀਂ ਤਾਂ ਇਹ ਕੰਮ ਸਮਾਂ ਆਪ ਕਰਦਾ ਹੈ ਜਿਸ ਨੂੰ ਕੋਈ ਮਰਿਆਦਾ ਠੱਲ ਨਹੀਂ ਪਾ ਸਕਦੀ। ਇਹ ਇਸ ਲਈ ਕਿ ਸਮਾਂ ਸਾਡਾ ਮਹੁਤਾਜ ਨਹੀਂ ਹੁੰਦਾ। ਦੁਨੀਆ ਦਾ ਇਤਿਹਾਸ ਦੇਖੋ ਤਾਂ ਸਾਨੂੰ ਅਜੇਹਾ ਹੀ ਮਿਲੇਗਾ।

ਪ੍ਰਤੀਕ ਤਾਂ ਰਾਮ ਰਹੀਮ ਸਿੰਘ ਵਰਗੇ ਵੀ ਉਹੀ ਅਪਣਾ ਰਿਹੇ ਹਨ। ਪਰ ਹਨ ਉਹ ਸੱਚ ਤੋਂ ਕੋਹਾਂ ਦੂਰ। ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸਿੱਧੀ ਪ੍ਰਤੀਕਾਂ ਕਰਕੇ ਨਹੀਂ ਬਲਕਿ ਸੱਚ ਦੀ ਪ੍ਰਾਪਤੀ ਅਤੇ ਪਾਲਣਾ ਲਈ ਕੀਤੀਆਂ ਬੇਮਿਸਾਲ ਕੁਰਬਾਨੀਆਂ ਕਰਕੇ ਹੈ। ਕਲਗੀਧਰ ਪ੍ਰਤੀਕਾਂ ਦੇ ਅਧੀਨ ਨਹੀਂ ਸਗੋਂ ਪ੍ਰਤੀਕ ਗੁਰੂ ਦੀ ਸ਼ਰਨ ਵਿੱਚ ਹਨ। ਉਦਾਹਰਣ ਲਈ, ਖੰਡਾ ਪ੍ਰਤੀਕ ਆਪਣੇ ਆਪ ਵਿੱਚ ਤਾਂ ਕੁੱਝ ਕਰਨ ਜੋਗਾ ਨਹੀਂ ਹੈ ਪਰ ਜਦ ਇਹ ਖੰਡਾ ਕਲਗੀਧਰ ਨੇ ਫੜਿਆ ਤਾਂ ਹਿੰਦੋਸਤਾਨ ਦੀਆਂ ਧੀਆਂ ਦੀ ਇਜ਼ਤ ਆਬਰੂ ਸੁਰਖਿਅਤ ਹੋ ਗਈ।

ਬਲਕਿ ਸਹਿਮੇ, ਲਿਤਾੜੇ ਲੋਕ ਆਪਣੇ ਹੱਕਾਂ ਤੋਂ ਸੁਚੇਤ ਹੋ ਕੇ ਅਤੇ ਸਿਰ ਉਠਾ ਕੇ, ਸਰਦਾਰੀ ਮਾਣਨ ਲਗ ਪਏ। ਇਹ ਚਿੜੀਆਂ ਤੋਂ ਬਾਜ਼ ਬਣਨ ਦੇ ਪ੍ਰਤੀਕ ਦੀ ਕਰਾਮਾਤ ਸੀ। ਪਰ ਇਹੀ ਖੰਡਾ ਜਦ ਰਾਮ ਰਹੀਮ ਵਰਗਿਆਂ ਕੋਲ ਹੈ ਤਾਂ ਅਨੇਕਾਂ ਧੀਆਂ ਦੀਆਂ ਗਲਤਫਹਿਮੀ, ਮਜਬੂਰੀ ਜਾਂ ਡਰ ਦੇ ਮਾਹੌਲ ਰਾਹੀਂ ਇਜਤਾਂ ਲੁਟੀਆਂ ਜਾਂਦੀਆਂ ਹਨ। ਲੋੜ ਹੈ ਫਰਕ ਸਮਝਣ ਦੀ, ਨਾ ਕਿ ਖੰਡੇ ਆਦਿ ਦੇ ਪ੍ਰਤੀਕਾਂ ਨਾਲ ਜੁੜਣ ਦੀ। ਜਦ ਕੇ ਅੱਜ ਦਾ ਸਿੱਖ ਕਮੀਜਾਂ ਦੇ ਖੰਡੇ ਛਪਵਾ, ਕੰਧਾਂ ਤੇ ਖੰਡੇ ਦੇ ਚਿਤਰ ਪਾ ਕੇ, ਗਲਾਂ ਅਤੇ ਕਾਰਾਂ ਵਿੱਚ ਖੰਡੇ ਲਟਕਾ ਕੇ ਸਿਖ ਹੋਣ ਦਾ ਦਿਖਾਵਾ ਕਰਦਾ ਹੈ ਇੱਕ ਹੋਰ ਵਿਚਾਰ ਸਮਝਣ ਦੀ ਖਾਤਰ ਇਹ ਹੈ ਕਿ ਕਿਰਪਾਨ ਤੇ ਤਲਵਾਰ ਦੇਖਣ ਤੋਂ ਇੱਕ ਹੀ ਲਗਦੀਆਂ ਹਨ ਪਰ ਗੁਰੂ ਦੇ ਸਿੱਖ ਹੱਥ ਕਿਰਪਾਨ ਹੁੰਦੀ ਹੈ ਪਰ ਰਾਮ ਰਹੀਮ ਕੋਲ ਤਲਵਾਰ। ਉਹ ਤਲਵਾਰ ਦੇ ਜੋਰ ਨਾਲ ਕੁਕਰਮ ਕਰਦਾ ਹੈ। ਜਦਕਿ ਕਿਰਪਾਨ ਜਦ ਗੁਰੂ ਦੇ ਸਿੱਖ ਕੋਲ ਹੁੰਦੀ ਹੈ ਤਾਂ ਹਰ ਧੀ/ਭੈਣ ਬੇਖ਼ੌਫ ਸਿਰ ਉਪਰ ਚੁੱਕ ਕੇ ਤੁਰਦੀ ਹੈ।

ਬਹੁਤੇ ਲੋਕ ਖ਼ਾਲਸੇ ਦੇ ਸਰੂਪ ਨੂੰ ਪ੍ਰਤੀਕਾਂ ਨਾਲ ਲੱਦਿਆ ਹੋਇਆ ਮਨੁੱਖ ਹੀ ਦੇਖਦੇ ਹਨ ਅਤੇ ਇਸੇ ਤਰਾਂ ਹੀ ਆਮ ਖ਼ਾਲਸਾ ਆਪਣੇ ਬਾਰੇ ਸੋਚਦਾ ਹੈ। ਸਾਡੀ ਸੋਚ ਵੀ ਇਹੀ ਬਣ ਚੁਕੀ ਹੈ ਕਿ ਖਾਲਸੇ ਦੀ ਹੋਂਦ ਤੇ ਪਹਿਚਾਣ ਸਿਰਫ ਪ੍ਰਤੀਕਾਂ ਕਰਕੇ ਹੈ ਅਤੇ ਖਾਲਸਾ ਨਿਆਰਾ ਵੀ ਸਿਰਫ ਪ੍ਰਤੀਕਾਂ ਕਰਕੇ ਹੀ ਹੈ, ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਮੇਰਾ ਖਾਲਸਾ ਨਿਆਰਾ ਸੱਚ ਦਾ ਪ੍ਰਤੀਕ ਹੋਣ ਕਰਕੇ ਹੈ, ਨਾ ਕਿ ਸਿਰਫ ਕਿਸੇ ਬਾਹਰੀ ਆਡੰਬਰ ਕਰਕੇ! ਕਿਉਂਕਿ ਬਾਹਰਲਾ ਆਡੰਬਰ ਕਰਨ ਨਾਲ ਭੋਲੇ ਭਾਲੇ ਲੋਕ ਜਲਦੀ ਕਾਬੂ ਵਿੱਚ ਆ ਜਾਂਦੇ ਹਨ ਅਤੇ ਮਨੁੱਖ ਦੀ ਸਮਾਜਿਕ ਠੁੱਕ ਵੀ ਬਹੁੱਤ ਜਲਦੀ ਬਣ ਜਾਂਦੀ ਹੈ। ਇਸ ਲਈ ਇਸ ਤਰਾਂ ਦੀ ਪਰਿਭਾਸ਼ਾ ਨੂੰ ਮੇਰੇ ਜਿਹਾ ਮਨੁੱਖ ਕਿਸੇ ਵੀ ਕੀਮਤ ਤੇ ਪਿਛੇ ਪੈਣ ਨਹੀਂ ਦਿੰਦਾ। ਮਨੁੱਖ ਆਪਣੀ ਬਣਾਈ ਪਰਿਭਾਸ਼ਾ ਦੇ ਝੂਠੇ ਅਨੰਦ ਵਿੱਚ ਰਹਿ ਕੇ ਮਾਣ ਮਹਿਸੂਸ ਕਰਦਾ ਹੈ। ਗੁਰੂ ਦੀ ਦਿਤੀ ਸਿੱਖ/ਖ਼ਾਲਸਾ ਬਲਕਿ ਸੰਤ ਜਾਂ ਬ੍ਰਹਮ-ਗਿਆਨੀ ਦੀ ਪਰਿਭਾਸ਼ਾ ਰੁਮਾਲਿਆਂ ਵਿੱਚ ਹੀ ਸਸ਼ੋਭਤ ਰਹਿਣ ਦਿਤੀ ਜਾਂਦੀ ਹੈ। ਸੱਚ ਦਾ ਪ੍ਰਤੀਕ ਬਣਨ ਲਈ ਕਦੇ ਵੀ ਤੱਤੀ ਤਵੀ ਉਪਰ ਬੈਠਣ ਜਾਂ ਸਿਰ ਧਰ ਤਲੀ ਭੇਟ ਕਰਨ ਲਈ ਤਿਆਰ ਰਹਿਣਾ ਪੈਂਦਾ ਹੈ।

ਸੱਚ ਇਹ ਹੈ ਕਿ ਸਿੱਖ ਧਰਮ ਦੀ ਪਹਿਚਾਣ ਪ੍ਰਤੀਕਾਂ ਕਰਕੇ ਨਹੀਂ ਹੈ ਬਲਕਿ ਪ੍ਰਤੀਕਾਂ ਦੀ ਪਹਿਚਾਣ ਗੁਰੂ ਕਰਕੇ ਹੈ ਕਿਉਕਿ ਸੱਚ ਇਸ ਦੀ ਅਧਾਰਸ਼ਿਲਾ ਹੈ। ਇਹ ਕਹਿਣਾ ਕਿ ਸਿੱਖ ਧਰਮ ਦੀ ਮਹਾਨਤਾ ਸਿਰਫ ਬਾਹਰੀ ਪ੍ਰਤੀਕਾਂ ਕਰਕੇ ਹੈ ਇੱਕ ਅਣਜਾਣਪੁੱਣਾ ਹੋਵੇਗਾ। ਹੋਰਨਾਂ ਧਰਮਾਂ ਵਾਂਗ ਇਹ ਸਿੱਖ ਧਰਮ ਦਾ ਇੱਕ ਹਿਸਾ ਤਾਂ ਹਨ ਪਰ ਇਹ ਆਪਣੇ ਆਪ ਵਿੱਚ ਸਿੱਖ ਧਰਮ ਦਾ ਬਦਲ ਨਹੀਂ ਹਨ।

ਹਰ ਸਾਲ ਸੜਕਾਂ ਉਪਰ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਲੈ ਕੇ ਨਿਕਲਣਾ ਜਿਸ ਨੂੰ ਨਗਰ ਕੀਰਤਨ ਆਖਿਆ ਜਾਣ ਲਗਾ ਹੈ ਅਤੇ ਉਸਦੀ ਸ਼ੋਭਾ ਵਿੱਚ ਕਈ ਤਰਾਂ ਨੰਗੀਆਂ ਕਿਰਪਾਨਾਂ ਦਾ ਮੁਜਾਹਰਾ ਕਰਨਾਂ ਕੋਈ ਸਿਖੀ ਕਰਮ ਨਹੀਂ ਹੈ। ਇਹ ਤਾਂ ਹਵਾ ਨੂੰ ਗੰਢਾਂ ਦੇਣ ਦੇ ਸਮਾਨ ਹੈ।

ਕਿਰਪਾਨ ਦੇ ਪਿਛੇ ਛੁਪੇ ਭਾਵ ਨੂੰ ਸਮਝਣ ਦੀ ਲੋੜ ਹੈ ਅਤੇ ਜੇ ਇਸ ਸਮਝ ਆ ਜਾਂਦੀ ਹੈ ਤਾਂ ਜ਼ਰਾ ਸੋਚੋ ਜਿੰਦਗੀ ਦਾ ਕਿਹੜਾ ਅਜਿਹਾ ਮੋੜ ਹੈ ਜਿਥੇ ਇਸ ਦੀ ਲੋੜ ਨਹੀਂ ਪੈਂਦੀ। ਭਾਵ ਸਮਝ ਆ ਗਿਆ ਤਾਂ ਇਸ ਉਪਰ ਕੌਮ ਦੀ ਨਿੱਗਰ ਉਸਾਰੀ ਹੋਵੇਗੀ। ਘਰ ਦੀ ਇੱਕ ਛੋਟੀ ਜਿਹੀ ਸਮੱਸਿਆ ਤੋਂ ਲੈ ਕੇ ਦੁਨੀਆ ਦੇ ਹਰ ਖੇਤਰ ਤੱਕ ਕਿਰਪਾਨ ਦੇ ਭਾਵ ਨੂੰ ਵਰਤਾਉਣ ਦੀ ਲੋੜ ਹੈ। ਜੇ ਸੱਚ ਤੇ ਸੱਚੇ ਆਚਾਰ ਵਲ ਰੁਖ ਹੀ ਨਹੀਂ ਤਾਂ ਕੇਵਲ ਪ੍ਰਤੀਕ ਵਜੋਂ ਕਰਦ ਰੂਪੀ ਪਾਈਆਂ ਕਿਰਪਾਨਾਂ ਕਿਸ ਕੰਮ ਹਨ। ਇਸ ਤਰਾਂ ਆਪੇ ਤੇ ਲੋਕਾਂ ਨੂੰ ਭੁਲੇਖੇ ਵਿੱਚ ਰੱਖ ਕੇ ਆਪਣਾ ਅਤੇ ਹੋਰਨਾ ਦਾ ਜੀਵਨ ਬਰਬਾਦ ਕਰ ਰਹੇ ਹਾਂ।

ਪਰ ਜੇ ਅਸੀਂ ਸੱਚ ਨੂੰ ਸੱਚ ਕਹਿ ਰਹੇ ਤੇ ਉਸ ਉਪਰ ਪਹਿਰਾ ਦੇ ਰਹੇ ਹਾਂ ਤਾਂ ਮਾਨੋ ਗੁਰੂ ਦੀ ਬਖਸ਼ੀ ਕਿਰਪਾਨ ਚਲ ਰਹੀ ਹੈ। ਜੇ ਕਿਰਪਾਨਾਂ ਪਾ ਕੇ ਸਾਨੂੰ ਕਿਰਪਾਨ ਦੇ ਮਹਤਵ ਦੀ ਨਹੀਂ ਸਮਝ ਆ ਰਹੀ ਤਾਂ ਰਹਿ ਗਈ ਕਿਸੇ ਤਰੁਟੀ ਨੂੰ ਦੂਰ ਕਰਨ ਲਈ ਵਰਤਾਰਾ ਬਦਲਣਾ ਪਵੇਗਾ। ਨਿਸ਼ਾਨਾ ਸੱਚ ਨੂੰ ਸਮਝਣ ਅਤੇ ਉਸ ਤੋਂ ਉਗਮੀ ਸੂਰਮਗਤੀ ਵਿੱਚ ਵਿਚਰਨ ਦਾ ਹੈ। ਇਹ ਤਬਦੀਲੀ ਗੁਰੂ ਦੇ ਸ਼ਬਦ ਦੇ ਕਮਾਏ ਅਨੁਭਵ ਤੋਂ ਹੀ ਪੈਦਾ ਹੁੰਦੀ ਹੈ।

ਸੋਰਠਿ ਮਹਲਾ ੧॥ ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ॥ ੧॥ ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ॥ ਰਹਾਉ॥

ਅਰਥ : —ਹੇ ਮੇਰੇ ਮਨ ! (ਅੰਦਰ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹੁ, (ਵੇਖੀਂ, ਨਾਮ-ਅੰਮ੍ਰਿਤ ਦੀ ਭਾਲ ਵਿਚ) ਕਿਤੇ ਬਾਹਰ ਨਾਹ ਭਟਕਦਾ ਫਿਰੀਂ। ਜੇ ਤੂੰ ਬਾਹਰ ਢੂੰਢਣ ਤੁਰ ਪਿਆ, ਤਾਂ ਬਹੁਤ ਦੁੱਖ ਪਾਏਂਗਾ। ਅਟੱਲ ਆਤਮਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿੱਚ ਹੀ ਹੈ, ਹਿਰਦੇ ਵਿੱਚ ਹੀ ਹੈ। ਰਹਾਉ।

(ਹੇ ਭਾਈ !) ਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ ਤੁਸੀ ਜਗਤ ਵਿੱਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ; ਪਰ ਧਾਰਮਿਕ ਭੇਖ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਭੀ ਛੱਡੋ (ਬਾਹਰੋਂ ਸ਼ਕਲ ਧਰਮੀਆਂ ਵਾਲੀ, ਤੇ ਅੰਦਰ ਦੁਨੀਆ ਨੂੰ ਠੱਗਣ ਦੀ ਚਲਾਕੀ) ਇਸ ਦੋ-ਰੁਖ਼ੀ ਚਾਲ ਵਿੱਚ ਪਿਆਂ ਇਹ ਅੰਮ੍ਰਿਤ-ਫਲ ਨਹੀਂ ਮਿਲ ਸਕਦਾ। ੧।

–ਗੁਰਿੰਦਰ ਸਿੰਘ ਬਰਾੜ, ਕੈਮਬਰਿਜ, ਉਨਟਾਰੀਓ.ਕਨੈਡਾ।


“ਅੰਤਮ ਅਰਦਾਸਾਂ ਦੇ ਸਮਾਗਮਾਂ ਉਪਰ ਗੁਰਬਾਣੀ ਦੀ ਬੇਅਦਬੀ”

ਇਹ ਲੇਖ ਲਿਖਣ ਤੋਂ ਪਹਿਲਾਂ ਮੈਂ ਹਮੇਸ਼ਾ ਹੀ ਇਹ ਵਿਚਾਰ ਬਣਾ ਕੇ ਰੱਖਦਾ ਸੀ ਕਿ ਮੇਰੇ ਕੌਮ ਪ੍ਰਤੀ ਫਰਜਾਂ ਨੂੰ ਕੋਈ ਹੋਰ ਨਿਭਾ ਦੇਵੇ ਅਤੇ ਮੈਂ ਆਪਣੇ ਘਰ ਵਿਚ ਸ਼ਾਂਤੀ ਪੂਰਵਕ ਜਿੰਦਗੀ ਬਤੀਤ ਕਰਦਾ ਰਹਾਂ। ਇਕ ਦਿਨ ਜਦ ਮੈਂ ਕਿਸੇ ਗੁਰਦੁਆਰੇ, ਜੋ ਸਿਰਫ ਦੇਖਣ ਨੂੰ ਹੀ ਗੁਰਦੁਆਰਾ ਲਗਦਾ ਹੈ ਪਰ ਉਹ ਮਨਮੱਤ ਦਾ ਕਂੇਦਰ ਹੀ ਹੈ, ਵਿਚ ਅੰਤਮ ਅਰਦਾਸ ਵਾਸਤੇ ਗਿਆ ਤਾਂ ਮੇਰੇ ਮਨ ਅੰਦਰ ਇਹ ਵਿਚਾਰ ਪਰਪੱਕ ਹੋ ਗਿਆ ਕਿ ਜੋ ਕੌਮ ਪ੍ਰਤੀ ਮੇਰੇ ਫਰਜ ਹਨ ਉਹ ਮੈਨੂੰ ਆਪ ਹੀ ਕਰਨੇ ਪੈਣੇ ਹਨ।

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥20॥ {ਪੰਨਾ 474}

ਅੰਤਮ ਅਰਦਾਸ ਦੇ ਇਨ੍ਹਾਂ ਸਮਾਗਮਾਂ ਵਿਚ ਗੁਰਬਾਣੀ ਦੀ ਉਹ ਦੁਰਗਤ ਕੀਤੀ ਜਾਂਦੀ ਹੈ ਜਿਸਦਾ ਵਰਨਣ ਕਰਨਾ ਵੀ ਬਹੁਤ ਹੀ ਮੁਸ਼ਕਲ ਹੈ। ਆਮ ਆਦਮੀ ਨੂੰ ਇਹ ਮਹਿਸੂਸ ਕਰਾ ਦਿਤਾ ਜਾਂਦਾ ਹੈ ਕਿ ਸਿਖ ਧਰਮ ਵੀ ਇਕ ਪੌਰਾਣਿਕ ਵਿਚਾਰਾਂ ਵਾਲਾ ਧਰਮ ਹੀ ਹੈ ਜਿਸ ਵਿਚ ਰੱਬ, ਧਰਮਰਾਜ, ਚਿਤਰਗੁਪਤ, ਆਤਮਾ ਦਾ ਸਕੰਲਪ ਕੋਈ ਨਵਾਂ ਨਹੀਂ ਬਲਕੇ ਉਹੀ ਹੈ ਜੋ 1469 ਤੋਂ ਪਹਿਲਾਂ ਸੀ । ਇਕ ਪਾਸੇ ਤਾਂ ਅਸੀਂ ਇਹ ਕਹਿੰਦੇ ਹੋਏ ਥੱਕਦੇ ਨਹੀਂ ਕਿ ਸਾਡੇ ਧਰਮ ਵਿਚ ਹਰ ਇਕ ਗੱਲ ਨਵੀਂ ਹੈ; “ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ”, ਪਰ ਦੂਜੇ ਪਾਸੇ ਉਹ ਸਾਰੀ ਮਨਮਤਿ ਕਰਦੇ ਹਾਂ ਜੋ ਬਾਬੇ ਨਾਨਕ ਦੀ ਗੁਰਮਤਿ ਦੇ ਮੂਲੋਂ ਹੀ ਉਲਟ ਹੈ। ਇਹ ਦੂਹਰਾ ਮਾਪਦੰਡ ਕਿਉਂ?

ਅੱਜ ਅਸੀਂ ਅੰਤਮ ਅਰਦਾਸ ਵਿਚ ਹੁੰਦੀਆਂ ਕੁਝ ਗੁਰਮਤਿ ਵਿਰੋਧੀ ਵਿਚਾਰਾਂ ਦੀ ਪੜਚੋਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਸ ਗੱਲ ਤੇ ਜੋਰ ਦਿਤਾ ਜਾਂਦਾ ਹੈ ਕਿ “ਅਕਾਲ ਪੁਰਖ ਜੀਓ ਇਸ ਪ੍ਰਾਣੀ ਨੂੰ ਆਪਣੇ ਚਰਨਾਂ ਵਿਚ ਜਗਾ ਦਿਓ” ਅਤੇ ਜੋਰ ਸ਼ੋਰ ਨਾਲ ਗ੍ਰੰਥੀ ਸਾਹਿਬ ਅਤੇ ਪ੍ਰਬੰਧਕ ਸੱਜਣ ਇਸ ਗੱਲ ਨੂੰ ਵਾਰ ਵਾਰ ਕਹਿੰਦੇ ਹਨ ਕਿ ਭਾਈ ਧਿਆਨ ਨਾਲ ਬਾਣੀ ਪੜੋ ਅਤੋ ਸੁਣੋ ਕਿAੁਂਕਿ ਇਸ ਪੜੀ ਸੁਣੀ ਬਾਣੀ ਦਾ ਭਾਵ ਵਿਛੜੀ ਹੋਈ ਆਤਮਾ ਨੂੰ ਮਿਲਣਾ ਹੈ? ਵੀਚਾਰਨ ਵਾਲੀ ਗੱਲ ਤਾਂ ਇਹ ਕਿ ਕੀ ਪਰਮਾਤਮਾ ਕੋਈ ਮਨੁੱਖ ਹੈ ਜਿਸ ਦੇ ਸਾਡੇ ਵਾਂਗ ਹੱਥ ਪੈਰ ਹਨ? ਜਿਸ ਦੇ ਚਰਨਾਂ ਵਿਚ ਨਿਵਾਸ ਕਰਾਉਣ ਵਾਸਤੇ ਅਸੀਂ ਗੁਰਮਤਿ ਵਿਰੋਧੀ ਕੁਕਰਮ ਕਰਦੇਂ ਹਾਂ, ਕੀ ਪਰਮਾਤਮਾ ਕਿਤੇ ਦੂਰ ਨਿਵਾਸ ਕਰਦਾ ਹੈ, ਜੋ ਆਪਣੀ ਬਣਾਈ ਸ਼ਿਸ੍ਰਟੀ ਤੋਂ ਦੂਰ ਹੈ, ਜਿਥੇ ਵਿਛੜੀ ਹੋਈ ਆਤਮਾ ਨੇ ਪਹੁੰਚਣਾ ਹੈ?

ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ, ਸਹਸ ਮੂਰਤਿ, ਨਨਾ ਏਕ ਤੋਹੀ॥ ਸਹਸ ਪਦ ਬਿਮਲ, ਨਨ ਏਕ ਪਦ, ਗੰਧ ਬਿਨੁ, ਸਹਸ ਤਵ ਗੰਧ, ਇਵ ਚਲਤ ਮੋਹੀ॥2॥ ਸਭ ਮਹਿ ਜੋਤਿ, ਜੋਤਿ ਹੈ ਸੋਇ ॥ ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ ॥

(ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ । ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ । ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇੱਕ ਭੀ ਪੈਰ ਨਹੀਂ । ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ । ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ।2।ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ । ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ । ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ ।

ਗੁਰੂ ਗੰਥ ਸਾਹਿਬ ਦੇ ਪਹਿਲੇ ਅੰਕ ਤੋਂ ਹੀ ਗੁਰੂ ਸਾਹਿਬ ਤਾਂ ਇਹ ਇਲਾਨ ਕਰਦੇ ਹਨ ਕਿ ਪਰਮਾਤਮਾ ਤਾਂ ਸਰਬ ਵਿਆਪਕ ਹੈ। ਉਹ ਕਿਤੇ ਸੱਤਵੇਂ ਅਸਮਾਨ ਤੇ ਨਹੀਂ ਅਤੇ ਨਾ ਹੀ ਕਿਸੇ ਖਾਸ ਫਿਰਕੇ ਨੂੰ ਬਚਾਉਣ ਵਾਸਤੇ ਕਿਸੇ ਖਾਸ ਦੇਸ਼ ਵਿਚ ਆਉਂਦਾ ਹੈ ਜਾਂ ਰਹਿੰਦਾ ਹੈ।

ਏਕੰਕਾਰੁ-ਏਕ ਓਅੰਕਾਰ, ਉਹ ਇਕ ਓਅੰ ਜੋ ਇਕ-ਰਸ ਹੈ, ਜੋ ਹਰ ਥਾਂ ਵਿਆਪਕ ਹੈ।

ਸੋ, “ੴ” ਦਾ ਅਰਥ ਹੈ “ਇਕ ਅਕਾਲ ਪੁਰਖ, ਜੋ ਇਕ-ਰਸ ਵਿਆਪਕ ਹੈ”।

ਜੇ ਪਰਮਾਤਮਾ ਇਕ ਰਸ ਵਿਆਪਕ ਹੈ ਤਾਂ ਆਤਮਾ ਦਾ ਆਉਣਾ ਤੇ ਜਾਣਾ ਕਿਵੇਂ ਹੋਇਆ? ਜੇ ਮੂੜਮਤ ਹੋ ਕੇ ਇਹ ਮੰਨ ਵੀ ਲਈਏ ਕੇ ਆਤਮਾ ਜਰੂਰ ਜਾਂਦੀ ਹੈ ਤਾਂ ਅਸੀਂ ਗੁਰੂ ਸਾਹਿਬ ਦੇ ਪਰਮਾਤਮਾ ਪ੍ਰਤੀ ਦਿਤੇ ਵਿਚਾਰ ਨੂੰ ਝੂਠ ਕਹਿ ਰਹੇ ਹੋਵਾਂਗੇ ਕਿ ਪ੍ਰਭੂ ਸਰਬਵਿਆਪਕ ਹੈ। ਆਤਮਾ ਦਾ ਜਾਣਾ ਇਹ ਸਿਧ ਕਰਦਾ ਹੈ ਕਿ ਧਰਤੀ ਦੇ ਉਸ ਟੁਕੜੇ ਤੇ ਪ੍ਰਭੂ ਦੀ ਹੋਂਦ ਨਹੀਂ ਜਿਥੋਂ ਆਤਮਾ ਜਾ ਰਹੀ ਹੈ, ਨਹੀਂ ਤਾਂ ਜਾਣ ਦੀ ਜਰੂਰਤ ਕਿAੁਂ ਪਵੇ? ਇਕ ਗੱਲ ਜਰੂਰ ਹੈ ਕਿ ਇਹਨਾਂ ਝੂਠੀਆਂ ਪ੍ਰੰਪਰਾਵਾਂ ਨੂੰ ਚਲਦੇ ਰੱਖਣ ਵਾਸਤੇ ਸਾਡੇ ਲਈ ਆਤਮਾ ਨੂੰ ਗੱਲੀਂ ਬਾਤੀਂ ਕਿਧਰੇ ਭੇਜਣਾ ਮਜਬੂਰੀ ਬਣ ਗਿਆ ਹੈ। ਗੁਰੂ ਸਾਹਿਬ ਇਨ੍ਹਾਂ ਸਿੱਖਾਂ ਨੂੰ ਮੁਆਫ ਕਰਨ ਕਿਉਂਕੇ ਇਸ ਤਰਾਂ ਸੱਚ ਨੂੰ ਕਬੂਲਣ ਨਾਲ ਵੱਡੀਆਂ ਕਾਰਪੋਰੇਸ਼ਨਾਂ (ਗੁਰਦੁਆਰਾ ਕਮੇਟੀਆਂ) ਦੀ ਮੁਨਾਫੇ ਵਿਚ ਘਾਟਾ ਪੈਂਦਾ ਹੈ।

ਕੀ ਅਸੀਂ ਆਤਮਾ ਦੇ ਅਰਥ ਕਿਸੇ ਅਨਮਤੀ ਗ੍ਰੰਥ ਵਿਚੋਂ ਤਾਂ ਨਹੀਂ ਲੈ ਰਹੇ? ਜੇ ਅਸੀਂ ਆਤਮਾ ਦੇ ਅਰਥ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦੇ ਅਨੁਸਾਰ ਕਰਾਂਗੇ ਤਾਂ ਇਹ ਸਮੱਸਿਆ ਦੀ ਜੜ ਖਤਮ ਹੋ ਜਾਵੇਗੀ। ਪਰ ਜੇ ਅਸੀਂ ਗੂਰੁ ਗਰੰਥ ਸਾਹਿਬ ਜੀ ਨੂੰ ਆਪ ਪੜ੍ਹਨਾਂ ਅਤੇ ਵਿਚਾਰਨਾਂ ਹੀ ਨਹੀਂ ਤਾਂ ਇਨ੍ਹਾਂ ਭੁਲਖਿਆਂ ਵਿਚੋਂ ਨਿਕਲਣਾ ਅਸੰਭਵ ਹੈ ਕਿਉਂਕਿ ਅਸੀਂ ਤਾਂ ਗੂਰੁ ਗਰੰਥ ਸਾਹਿਬ ਜੀ ਦੇ ਪਾਠ, ਗੁਰਦੁਆਰਾ ਕਮੇਟੀਆਂ ਭਾਵ ਵੱਡੀਆਂ ਕਾਰਪੋਰੇਸ਼ਨਾਂ ਤੋਂ, ਕਰਵਾਉਣ ਵਿਚ ਧਰਮ ਸਮਝਦੇ ਹਾਂ।

ਇਕ ਹੋਰ ਸ਼ਬਦ ਵਿਚ ਗੁਰੂ ਸਾਹਿਬ ਕਹਿੰਦੇ ਹਨ;

ਤੂ ਘਟ ਘਟ ਅੰਤਰਿ, ਸਰਬ ਨਿਰੰਤਰਿ ਜੀ, ਹਰ ਏਕੋ ਪੁਰਖੁ ਸਮਾਣਾ ॥

ਹੇ ਹਰੀ ! ਤੂੰ ਸਰਬ ਵਿਆਪਕ ਹੈਂ; ਤੂੰ ਸਾਰੀ ਸ੍ਰਿਸ਼ਟੀ ਵਿਚ ਇਕ-ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਵਿਚ ਸਮਾਇਆ ਹੋਇਆ ਹੈਂ ।

ਆਓ ਆਪਾਂ ਸ੍ਰੀ ਗੂਰੁ ਗਰੰਥ ਸਾਹਿਬ ਜੀ ਤੋਂ ਫਿਰ ਪੁਛਦੇ ਹਾਂ (ਉਹ ਸੱਜਣ ਮਾਫ ਕਰਨ ਜਿਹੜੇ ਦੇਖਣ ਨੂੰ ਸਿਖ ਲਗਦੇ ਹਨ ਪਰ ਕਿਸੇ ਨਾ ਕਿਸੇ ਅਖੌਤੀ ਸੰਤ, ਬ੍ਰਹਮਗਿਆਨੀ, ਸਾਧ ਦੇ ਚੇਲੇ ਹਨ ਅਤੇ ਉਹਨਾਂ ਨੂੰ ਗੂਰੂ ਸਾਹਿਬ ਦੀ ਲਿਖੀ ਬਾਣੀ ਦਾ ਵੀ ਬਿਲਕੁਲ ਪਤਾ ਨਹੀਂ)

ਜਬ ਹਮ ਹੋਤੇ ਤਬ ਤੁਮ ਨਾਹੀ, ਅਬ ਤੁਮ ਹਹੁ ਹਮ ਨਾਹੀ॥ ਅਬ ਹਮ ਤੁਮ ਏਕ ਭਏ ਹਹਿ, ਏਕੈ ਦੇਖਤ ਮਨੁ ਪਤੀਆਹੀ॥1॥

ਜਿਤਨਾ ਚਿਰ ਅਸੀ ਕੁਝ ਬਣੇ ਫਿਰਦੇ ਹਾਂ (ਭਾਵ, ਹਉਮੈ ਅਹੰਕਾਰ ਕਰਦੇ ਹਾਂ) ਤਦ ਤਕ (ਹੇ ਪ੍ਰਭੂ !) ਤੂੰ ਸਾਡੇ ਅੰਦਰ ਪਰਗਟ ਨਹੀਂ ਹੁੰਦਾ (ਆਪਣਾ ਚਾਨਣ ਨਹੀਂ ਕਰਦਾ), ਪਰ ਜਦੋਂ ਹੁਣ ਤੂੰ ਆਪ (ਸਾਡੇ ਵਿਚ) ਨਿਵਾਸ ਕੀਤਾ ਹੈ ਤਾਂ ਸਾਡੇ ਵਿਚ ਉਹ ਪਹਿਲੀ ਹਉਮੈ ਨਹੀਂ ਰਹੀ । ਹੁਣ (ਹੇ ਪ੍ਰਭੂ !) ਤੂੰ ਤੇ ਅਸੀ ਇੱਕ-ਰੂਪ ਹੋ ਗਏ ਹਾਂ, ਹੁਣ ਤੈਨੂੰ ਵੇਖ ਕੇ ਸਾਡਾ ਮਨ ਮੰਨ ਗਿਆ ਹੈ (ਕਿ ਤੂੰ ਹੀ ਤੂੰ ਹੈਂ, ਤੈਥੋਂ ਵੱਖਰੇ ਅਸੀ ਕੁਝ ਭੀ ਨਹੀਂ ਹਾਂ) ।1।

ਜਦ ਪਰਮਾਤਮਾ ਹੈ ਹੀ ਇਕ ਰਸ ਅਤੇ ਆਪਣੀ ਸਾਜੀ ਹੋਈ ਸ੍ਰਿਸ਼ਟੀ ਵਿਚ ਆਪ ਹੀ ਸਮਾਇਆ ਹੋਇਆ ਹੈ ਤਾਂ ਆਤਮਾ ਦੇ ਕਿਸੇ ਖਾਸ ਜਗਾ ਜਾਂ ਪ੍ਰਮਾਤਮਾ ਦੇ ਚਰਨਾਂ ਵਿਚ ਜਾਣ ਦਾ ਕਾਹਦਾ ਝਗੜਾ। ਜਦੋਂ ਗੁਰਬਾਣੀ ਦੇ ਅਰਥ ਕਿਸੇ ਹੋਰ ਧਰਮ ਦੇ ਸ਼ਾਸ਼ਤਰਾਂ ਦੇ ਅਨੁਸਾਰ ਕਰਦੇ ਹਾਂ ਤਾਂ ਗੁਰਬਾਣੀ ਦੀ ਸਹੀ ਸਮਝ ਨਾ ਪੈ ਕੇ ਕਿਸੇ ਅਨਮਤੀ ਗ੍ਰੰਥਾਂ ਵਾਲੀ ਸੋਚ ਸਾਡੇ ਪੱਲੇ ਪੈ ਜਾਂਦੀ ਹੈ ਤੇ ਅਸੀਂ ਉਸ ਨੂੰ ਹੀ ਗੁਰੂ ਨਾਨਕ ਸਾਹਿਬ ਦੀ ਵੀਚਾਰਧਾਰਾ ਮੰਨ ਕੇ ਕਬੂਲ ਕਰ ਲੈਂਦੇ ਹਾਂ ਜੋ ਅਸਲ ਵਿਚ ਗਲਤ ਹੈ। ਹੋਰ ਤਾਂ ਹੋਰ ਇਕ ਸਿਖ ਸੰਸਥਾ ਜਿਹੜੀ ਕਾਫੀ ਮਕਬੂਲ ਹੈ ਆਪਣੀ ਇਕ ਕਿਤਾਬ ਵਿਚ ਇਥੋਂ ਤਕ ਲਿਖਦੀ ਹੈ ਕਿ ਜਦੋਂ ਕੋਈ ਪ੍ਰਾਣੀ ਇਸ ਧਰਤੀ ਤੇ ਪ੍ਰਭੂ ਦਾ ਨਾਮ ਨਹੀਂ ਸਿਮਰਦਾ ਤਾਂ ਮਰਨ ਤੋਂ ਬਾਅਦ ਉਸ ਦੀ ਆਤਮਾ ਪ੍ਰਭੂ ਵਿਚ ਲੀਨ ਨਹੀਂ ਹੁੰਦੀ ਸਗੋਂ (ਸਜਾ ਦੇ ਤੌਰ ਤੇ) ਕਿਸੇ ਹੋਰ ਸਰੀਰ ਵਿਚ ਚਲੀ ਜਾਂਦੀ ਹੈ ਅਤੇ ਇਸ ਤਰਾਂ ਜਨਮ ਮਰਨ ਦੇ ਚੱਕਰ ਵਿਚ ਪਈ ਰਹਿੰਦੀ ਹੈ ਜਿੰਨਾ ਚਿਰ ਉਹ ਪਰਮਾਤਮਾ ਵਿਚ ਲੀਨ ਨਹੀਂ ਹੋ ਜਾਂਦੀ। ਹੁਣ ਸਵਾਲ ਖੜਾ ਇਹ ਹੁੰਦਾ ਹੈ ਕਿ ਜੇ ਅੱਗੇ (ਪਰਲੋਕ) ਆਤਮਾ ਵਾਸਤੇ ਸਰੀਰ ਦੀ ਉਪਲਬਦੀ ਨਾ ਹੋਵੇ ਤਾਂ ਕੀ ਪਰਮਾਤਮਾ ਜਲਦੀ ਜਲਦੀ ਇਕ ਹੋਰ ਸਰੀਰ ਪੈਦਾ ਕਰਨਗੇ ਅਤੇ ਆਤਮਾ ਨੂੰ ਫਿਟ ਕਰਨਗੇ?

ਦੂਜੀ ਗੱਲ ਇਹ ਪ੍ਰਚਾਰੀ ਜਾਂਦੀ ਹੈ ਕਿ ਸਾਡੀ ਪੜੀ ਸੁਣੀ ਬਾਣੀ ਪ੍ਰਮਾਤਮਾ ਦੇ ਦਰਬਾਰ ਵਿਚ ਮਰੇ ਹੋਏ ਪ੍ਰਾਣੀ ਦੇ ਵਾਸਤੇ ਕੰਮ ਕਰਦੀ ਹੈ। ਕਿਤੇ ਅਸੀਂ ਵੀ ਉਸ ਤਰਾਂ ਦੀ ਠੱਗੀ ਵਿਚ ਤਾਂ ਨਹੀਂ ਆ ਗਏ ਜਿਸ ਬਾਰੇ ਗੁਰੂ ਨਾਨਕ ਦੇਵ ਜੀ ਸਾਨੂੰ ਸਾਵਧਾਨ ਕਰਦੇ ਹਨ?

ਸਲੋਕੁ ਮ: 1 ॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥1॥

ਅਰਥ:-ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ । ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ) । (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ । ਹੇ ਨਾਨਕ ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ ।1।

ਕੀ ਅਸੀਂ ਗੁਰੂ ਸਾਹਿਬ ਦੇ ਵਿੰਅਗ ਮਈ ਤਰੀਕੇ ਤੋਂ ਇਹ ਸਮਝ ਨਹੀਂ ਸਕਦੇ ਕਿ ਕੋਈ ਕਿਸੇ ਵਾਸਤੇ ਕੁਝ ਨਹੀਂ ਅਪੜਾ ਸਕਦਾ ਸਗੋਂ ਇਹ ਤਾਂ ਪੁਰਾਣੇ ਧਾਰਮਿਕ ਆਗੂਆਂ ਦੀ ਇਕ ਠੱਗ ਨੀਤੀ ਸੀ ਜਿਸ ਦੀ ਗੁਰੂ ਸਾਹਿਬ ਨੇ ਬੜੀ ਬਾਖੂਬੀ ਨਾਲ ਖੰਡਨਾ ਕੀਤੀ ਹੈ। ਜੇ ਸਰਾਧਾਂ ਦੇ ਸਮੇਂ ਕਿਸੇ ਧਾਰਮਿਕ ਆਗੂ ਰਾਹੀਂ ਦਿਤਾ ਸਮਾਨ ਪੂਰਵਜਾਂ ਕੋਲ ਨਹੀਂ ਜਾ ਸਕਦਾ ਤਾਂ ਸਾਡੀ ਪੜ੍ਹੀ ਸੁਣੀ ਬਾਣੀ ਕਿਵੇਂ ਜਾ ਸਕਦੀ ਹੈ। ਇਸ ਸਾਰੇ ਗੁਝੰਲਦਾਰ ਤਾਣੇ ਦਾ ਕਾਰਨ ਸਾਡੀ ਨਾ ਮਾਨੂੰ ਬਿਰਤੀ ਅਤੇ ਆਤਮਿਕ ਦਿਵਾਲਾ ਹੈ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ ਜੇ ਅਸੀਂ ਧਿਆਨ ਨਾਲ, ਬੁਧੀ ਨਾਲ, ਗੁਰਮੁਖਤਾਈ ਨਾਲ, ਬਿਨਾ ਸੁਆਰਥ ਤੋਂ, ਝਗੜਾਲੂ ਬਿਰਤੀ ਤੋਂ ਬਿਨਾ, ਦੂਜਿਆਂ ਨੂੰ ਚੁਪ ਕਰਵਾਉਣ ਵਾਲਾ ਸੁਭਾਅ ਛੱਡ ਕੇ ਗੁਰੂ ਸਾਹਿਬ ਜੀ ਦੀ ਬਾਣੀ ਵਿਚਾਰੀਏ ਤਾਂ ਅਸੀਂ ਇਸ ਮੁਸ਼ਕਲ ਦਾ ਹੱਲ ਲੱਭ ਸਕਦੇ ਹਾਂ।

ਜੇ ਅਸੀਂ ਚਾਹੁੰਦੇਂ ਹਾਂ ਕਿ ਸਾਡੀ ਆਉਣ ਵਾਲੀ ਪੀੜੀ ਸਿੱਖੀ ਵਿਚ ਹੀ ਰਹੇ ਤਾਂ ਸਾਨੂੰ ਇਹ ਪਖੰਡ ਛੱਡ ਕੇ ਗੁਰਬਾਣੀ ਨੂੰ ਸਹੀ ਅਰਥਾਂ ਵਿਚ ਪ੍ਰਚਾਰਨਾ ਪਵੇਗਾ।

–ਗੁਰਿੰਦਰ ਸਿੰਘ ਬਰਾੜ