ਪਰਦੀਪ ਸਿੰਘ


“ਸਿੱਖੀ ਅਤੇ ਸਾਇੰਸ” – ਭਾਗ ਤੀਜਾ !

ਪਿਛਲੇ ੨-੩ ਸਾਲਾਂ ਤੋਂ ਵਿਦਵਾਨਾਂ ਦੀ ਇੱਕ ਨਵੀਂ ਕਿਸਮ ਸਿੱਖਾਂ ਵਿੱਚ ਕਾਫ਼ੀ ਪਰਵਾਨ ਚੜ੍ਹ ਰਹੀ ਹੈ ਜਿਸ ਵਿੱਚ ਪ੍ਰਭਸ਼ਰਨਦੀਪ, ਸ ਅਜਮੇਰ ਸਿੰਘ ਜਿਹੇ ਸ਼ਾਮਿਲ ਨੇ, ਇਹਨਾਂ ਮੁਤਾਬਕ ਸੰਸਾਰ ਦੀਆਂ ‘ਤੇ ਖਾਸਕਰ ਸਿੱਖਾਂ ਦੀ ਸਾਰੀਆਂ ਸਮੱਸਿਆਵਾਂ ਦਾ ਕਾਰਣ ਮੋਡੇਰਨਿਟੀ/ ਮੋਡੇਰਨਿਜ਼ਮ ਹੈ। ਇਹ ਸੰਸਾਰ ਦੇ ਸਾਰੇ ਦੁੱਖਾਂ ਦਾ ਤੇ ਕਲੇਸ਼ ਦਾ ਭਾਂਡਾ ਸਾਇੰਸ ਅਤੇ ਮੋਡੇਰਨਿਜ਼ਮ ਤੇ ਭੰਨਣ ਨੂੰ ਹੀ ਵਿਦਵਤਾ ਸਮਝੀ ਬੈਠੇ ਨੇ।
ਵੈਸੇ ਆਮ ਭਾਸ਼ਾ ਵਿੱਚ ਅਸੀਂ ਮਾਡਰਨ ਤੋਂ ਭਾਵ ਨਵਾਂ ਸਮਝਦੇ ਹਾਂ ਪਰ ਜੇ ਇਸ ਦੇ ਵਿਸਤਾਰ ‘ਚ ਜਾਣਾ ਹੋਵੇ ਪੰਥ ਦੇ ਮਹਾਨ Ph.D ਵਿਦਵਾਨ ਪ੍ਰਭਸ਼ਰਨਦੀਪ ਦਾ, ਦੋ ਘੰਟੇ ਦਾ ਲੈਕਚਰ ਸੁਣ ਸਕਦੇ ਹੋ, ਜਿਸ ਵਿੱਚ ਉਹ ਨੇਪੋਲਿਅਨ, ਲੈਨਿਨ, ਜੂਲਿਅਸ ਸੀਜਰ ਅਤੇ ਵਾਟਰਲੂ ਦੀ ਜੰਗ ਵਾਰੇ ਵਿਸਤਾਰ ਚ ਦੱਸਕੇ, ਬਾਖੂਬੀ ਸਮਝਾਉਂਦੇ ਹਨ ਕਿ ਮਾਡਰਨ ਕੀ ਹੁੰਦਾ ਹੈ। ਹੋ ਸਕਦਾ ਦੋ ਚਾਰ ਵਾਰ ਸੁਣ ਕੇ ਵੀ ਕੁਝ ਪੱਲੇ ਨਾਂ ਪਵੇ, ਉਸਦੀ ਜੁੰਮੇਵਾਰੀ ਤੁਹਾਡੀ ਆਪਣੀ।
ਪ੍ਰਭਸ਼ਰਨਦੀਪ ਤੋਂ ਬਾਅਦ ਹੁਣ ਅਜਮੇਰ ਸਿੰਘ ਵੀ ਉਸੇ ਲੀਹ ਤੁਰੇ ਲੱਗਦੇ ਨੇ ਪਿਛਲੇ ਦੋ ਕੁ ਸਾਲਾਂ ਤੋਂ।
ਇਹ ਵਿਦਵਾਨਾਂ ਦੀ ਨਵੀਂ ਕਿਸਮ ਸਮਝਦੀ ਹੈ, ਜਾਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਾਇੰਸ ਮਨੁੱਖ ਦੀ ਸਭ ਦੀ ਵੱਡੀ ਦੁਸ਼ਮਣ ਹੈ, ਸਾਇੰਸ ਨੇ ਮੋਡੇਰਨਿਜ਼ਮ ਨੂੰ ਜਨਮ ਦਿੱਤਾ ਹੈ ਤੇ ਮੋਡੇਰਨਿਜ਼ਮ ਦੇ ਕਾਰਣ ਮਨੁੱਖ ਧਰਮ ਤੋਂ, ਸਿੱਖੀ ਤੋਂ ਜਾਂ ਪਰਮਾਤਮਾ ਤੋ ਦੂਰ ਹੋ ਰਿਹਾ, ਕਿਉਂਕੀ ਮਾਡਰਨਟੀ ਤਰਕ ਕਰਨਾ ਜਾਂ ਸਵਾਲ ਕਰਨਾ ਸਿਖਾਉਂਦੀ ਹੈ।
ਇਹਨਾਂ ਮੁਤਾਬਿਕ ਤਰਕ ਤੇ ਧਰਮ ਦਾ ਕੋਈ ਮੇਲ਼ ਨਹੀਂ, ਤਰਕ ਵਿੱਚ ਧਰਮ ਲਈ ਤੇ ਧਰਮ ਵਿੱਚ ਤਰਕ ਲਈ ਕੋਈ ਥਾਂ ਨਹੀਂ। ( ਪਤਾ ਨਹੀਂ ਇਹਨਾ ਕਦੇ ਬਾਬਾ ਨਾਨਕ ਜਾਂ ਬਾਬਾ ਕਬੀਰ ਜੀ ਬਾਣੀ ਪੜ੍ਹੀ ਵੀ ਹੋਣੀ ਕਿ ਨਹੀਂ, ਕਦੇ ਜਪੁ ਜਾਂ ਆਸਾ ਦੀ ਵਾਰ ਪੜ੍ਹੀ ਵੀ ਕਿ ਨਹੀਂ?)
ਜੇ ਸਾਡਾ ਗੁਰੂ ਸਮਾਜ ਵਿੱਚ ਚੱਲ ਰਹੀ ਹਰ ਵਿਚਾਰਧਾਰਾ ਨੂੰ ਪ੍ਰਸ਼ਨ ਕਰ ਸਕਦਾ ਏ ਤਾਂ ਉਸਦੇ ਆਪਣੇ ਪੈਰੋਕਾਰ ਸਵਾਲਾਂ ਦੇ ਦਾਇਰੇ ਤੋਂ ਬਾਹਰ ਕਿਵੇਂ ਸਮਝਦੇ ਨੇ ਆਪਣੇ ਆਪ ਨੂੰ ?
ਕਿਓਂ ਵਿਦਵਾਨਾ ਦੀ ਇਸ ਨਵੀਂ ਕਿਸਮ ਦਾ ਸਾਰਾ ਜ਼ੋਰ ਦਿਮਾਗ ਦੇ ਇਸਤੇਮਾਲ ਦੇ ਵਿਰੋਧ ਵਿੱਚ ਅਤੇ ਗੁਰਬਾਣੀ ਬਿਨਾਂ ਵਿਚਾਰੇ ਮੰਤਰ ਜਾਪ ਵਾਂਗ ਪੜ੍ਹਨ ਤੇ ਲੱਗਾ ਹੋਇਆ?
“ਸੂਰਾ ਸੋ ਪਿਹਚਾਨੀਅੈ ਜੁ ਲਰੈ ਦੀਨ ਕੇ ਹੇਤ ॥”
ਰਟਨ ਨਾਲ ਸ਼ਹੀਦੀ ਦੀ ਅਵਸਥਾ ਬਣਦੀ ਹੈ ਜਾਂ ਇਹ ਸਮਝਣ ਨਾਲ਼ (ਹਾਂ ਸਮਝਣ ਦੇ ਨਾਲ਼ ਨਾਲ਼ ਗੁਰੂ ਤੇ ਭਰੋਸਾ ਵੀ ਚਾਹੀਦਾ ਚੱਲਣ ਲਈ)
ਜੇ ਇਹਨਾਂ ਵਿਦਵਾਨਾਂ ਨੂੰ ਮਾਡਰਨੀਜਮ ਜਾਂ ਸਾਇੰਸ ਨਾਲ਼ ਐਨੀ ਔਖਆਈ ਹੈ ਤਾਂ ਕੀ ਇਹ ਜਵਾਬ ਦੇ ਸਕਣਗੇ ਕਿ ਕਿਹੜਾ ਸਮਾਂ ਸੀ ਜਿਹੜਾ ਅਜੋਕੇ ਸਮੇਂ ਨਾਲ਼ੋਂ ਚੰਗਾ ਸੀ?
ਕੀ ਇਹ ਮੰਨਦੇ ਨੇ ਕਿ ਗੁਰੂਆਂ ਦੇ ਜੀਵਨਕਾਲ ਵਾਲ਼ਾ ਸਮਾਂ ਮਾਡਰਨ ਨਹੀਂ ਸੀ? ਤਾਂ ਫਿਰ ਉਸ ਸਮੇਂ ਬਾਬਰ ਦਾ ਹਿੰਦੁਸਤਾਨ ਤੇ ਹਮਲਾ, ਮੁਗਲਾਂ ਤੇ ਹੋਰ ਰਾਜ ਘਰਾਣਿਆਂ ‘ਚ ਪਰਵਾਰਾਂ ਦਾ ਰਾਜ ਭਾਗ ਲਈ ਲੜਨਾ ਮਰਨਾ, ਚਰਿਤ੍ਰੋ ਪਾਖਿਆਨ ਵਾਲ਼ੇ ਕਿਰਦਾਰ , ਕਿਸ ਮਾਡਰਨ ਕਲਚਰ ਕਰਕੇ ਪ੍ਰਭਾਵਿਤ ਹੋਏ ਸਨ। ਕੀ ਗੁਰੂਆਂ ਦੇ ਜੀਵਨਕਾਲ ਜਾਂ ਉਸ ਤੋਂ ਪਹਿਲਾਂ ਵਾਲ਼ਾ ਸਾਰਾ ਸਮਾਂ ਬੇਗਮਪੁਰਾ ਸੀ (ਕਿਉਕੀ ਸਾਇੰਸ ਨਹੀਂ ਸੀ, ਮਾਡਰਨੀਜਮ ਨਹੀਂ ਸੀ) ? ਜੇ ਨਹੀਂ ਤਾਂ ਫਿਰ ਕਿਹੜਾ ਸਮਾਂ ਸੀ ਜਦੋਂ ਸਾਰਾ ਕੁਝ ਠੀਕ ਠਾਕ ਸੀ ਤੇ ਮਾਡਰਨੀਜਮ ਨੇ ਆਕੇ ਸਮਾਜ ਵਿੱਚ ਅਤੇ ਕਿਰਦਾਰ ਵਿੱਚ ਗਿਰਾਵਟ ਲੈ ਆਂਦੀ?

—ਪਰਦੀਪ ਸਿੰਘ
( ਭਾਗ ੧ ਤੇ ੨, Pardeep Singh ਦੀ ਵਾਲ ਤੇ ਹਨ )