ਬਲਜਿੰਦਰ ਸਿੰਘ ਨਿਊਜ਼ੀਲੈਂਡ


“ਨੂਰ ਬਾਣੀ ਦਾ ਜਾਂ ਬਦਾਮਾਂ ਦਾ”

“ਉਨਾਂ ਸੰਤਾਂ, ਮਹਾਂਪੁਰਸ਼ਾਂ ਦੇ ਚਿਹਰੇ ਤੇ ਬੜਾ ਨੂਰ ਹੈ, ਚਿਹਰਾ ਦੱਗ-ਦੱਗ ਕਰਦਾ ਹੈ” ਇਹੋ ਜਿਹੀਆਂ ਗੱਲਾਂ ਆਮ ਸੁਣੀਆਂ ਜਾ ਸਕਦੀਆਂ ਹਨ। ਤੁਸੀਂ ਸਹਿਜ ਹੀ ਇਨਾਂ ਲੋਕਾਂ ਨੂੰ ਸਾਧਾਂ, ਸੰਤਾਂ ਦਿਆਂ ਡੇਰਿਆਂ ਤੇ ਮਹਾਂਪੁਰਸ਼ਾਂ ਦੇ ਸਾਹਮਣੇ ਹੱਥ ਜੋੜੇ ਹੋਏ ਨਿਮੋਝੂਣਾ ਜਿਹਾ ਖੜਾ ਦੇਖ ਸਕਦੇ ਹੋ, ਜੋ ਕਿ ਆਪਣੇ ਆਪ ਨੂੰ ਅਮ੍ਰਿਤਧਾਰੀ ਗੁਰਸਿੱਖ ਦਸਦੇ ਹਨ। ਇਹ ਆਮ ਵੇਖਣ ਵਿੱਚ ਆਇਆ ਹੈ ਕਿ ਇਹੋ ਜਿਹੇ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਬਜਾਇ ਜਦੋਂ ਇਹਨਾਂ ਅਖੌਤੀ ਮਹਾਂਪੁਰਸ਼ਾਂ ਦੇ ਸਾਹਮਣੇ ਜਾਂਦੇ ਹਨ ਤਾਂ ਇਹਨਾਂ ਦੇ ਤਰਸਯੋਗ ਬਣੇ ਚਿਹਰੇ ਤੋਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਦੇ ਮਨ ਵਿੱਚ ਕੀ ਚਲ ਰਿਹਾ ਹੈ? ਇਹ ਸੋਚ ਰਹੇ ਹੁੰਦੇ ਹਨ ਕਿ ਜੇ ਕਿਤੇ ਮਹਾਂਪੁਰਸ਼ਾਂ ਦੀ ਨਿਗਾਹ ਮੇਰੇ ਵਲ ਪੈ ਜਾਵੇ ਤਾਂ ਮੇਰਾ ਜਨਮ ਹੀ ਸੰਵਰ ਜਾਏ, ਭਾਂਵੇ ਉਹ ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਮੌਰ ਮੰਨਣ ਦਾ ਪਖੰਡ ਹੀ ਕਿਉਂ ਨਾ ਕਰਦਾ ਹੋਵੇ।

ਹੁਣ ਗੱਲ ਕਰੀਏ ਇਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਚਿਹਰੇ ਦੇ ਨੂਰ ਦੀ। ਅੱਜਕਲ ਇਹ ਪੈਮਾਨਾ ਜਿਹਾ ਬਣ ਗਿਆ ਹੈ ਕਿ ਜਿਸ ਮਹਾਂਪੁਰਸ਼ ਦੇ ਚਿਹਰੇ ਤੇ ਜਿਆਦਾ ਨੂਰ, ਜਿਆਦਾ ਲਾਲੀ ਹੋਵੇ ਉਸ ਦੀ ਅਵਸਥਾ ਉਤਨੀ ਵੱਡੀ ਹੈ। ਅੱਜ ਇਹ ਵਿਚਾਰ ਕਰਨ ਦੀ ਲੋੜ ਹੈ ਕਿ ਬਾਣੀ ਪੜਨ ਦੇ ਨਾਲ ਚਿਹਰੇ ਤੇ ਕੋਈ ਲਾਲੀ ਜਾਂ ਨੂਰ ਆ ਜਾਂਦਾ ਹੈ ਜਾਂ ਕੁੱਝ ਹੋਰ ਹੁੰਦਾ ਹੈ। ਜੇ ਧਿਆਨ ਨਾਲ ਵੇਖੀਏ ਤਾਂ ਪਤਾ ਚਲਦਾ ਹੈ ਕਿ ਚਿਹਰੇ ਦੀ ਲਾਲੀ, ਜਿਸ ਨੂੰ ਨੂਰ ਕਿਹਾ ਜਾਂਦਾ ਹੈ ਉਹ ਤਾਂ ਕੜ੍ਹੇ ਹੋਏ ਦੁੱਧ ਦੇ ਨਾਲ ਬਦਾਮ ਖਾਣ ਦੇ ਨਾਲ ਅਉਂਦੀ ਹੈ। ਜੇ ਤੁਸੀਂ ਵੀ ਚੰਗੀ ਖੁਰਾਕ ਖਾਕੇ ਬਿਨਾਂ ਕੋਈ ਧੁੱਪੇ ਕੰਮ ਕੀਤਿਆਂ Air Condition ਭੋਰੇ ਅੰਦਰ ਬੈਠੇ ਰਹੋਂ ਅਤੇ ਬਾਹਰ ਜਾਣ ਤੇ ਖੱਜਲ-ਖੁਆਰ ਹੁੰਦੀਆਂ ਬੱਸਾਂ ਦੀ ਬਜਾਇ ਵਧੀਆ 35-40 ਲੱਖ ਦੀ ਗੱਡੀ ਹੋਵੇ ਤਾਂ ਸ਼ਰਤੀਆ ਆਪ ਜੀ ਦੇ ਚਿਹਰੇ ਤੇ ਵੀ ਉਹ ਲਾਲੀ (ਨੂਰ) ਆ ਜਾਊਗਾ।

ਜੇ ਬਾਣੀ ਪੜਨ, ਨਾਮ ਜਪਣ ਦੇ ਨਾਲ ਚਿਹਰੇ ਤੇ ਲਾਲੀ ਜਾਂ ਕੋਈ ਖਾਸ ਕਿਸਮ ਦਾ ਨੂਰ ਆ ਜਾਂਦਾ ਹੈ, ਜਿਸ ਨਾਲ ਉਸ ਮਨੁੱਖ ਦਾ ਚਿਹਰਾ ਰੁਸ਼ਨਾਇਆ ਹੋਇਆ ਦੂਰੋਂ ਹੀ ਪਛਾਣਿਆ ਜਾਂਦਾ ਹੈ ਤਾਂ ਮੈ ਆਪ ਜੀ ਦੇ ਸਾਹਮਣੇ ਗੁਰ ਇਤਹਾਸ ਵਿਚੋਂ ਇੱਕ ਘਟਨਾਂ ਰੱਖਣਾ ਚਾਹਾਂਗਾ, ਜੋ ਆਪ ਸਾਰਿਆਂ ਨੇ ਜਰੂਰ ਸੁਣੀ ਹੋਵੇਗੀ। ਜਦ ਭਾਈ ਲਹਿਣਾ ਜੀ, ਜੋ ਬਾਦ ਵਿੱਚ ਗੁਰੂ ਅੰਗਦ ਦੇਵ ਜੀ ਬਣੇ, ਪਹਿਲੀ ਵਾਰ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਵਾਸਤੇ ਗਏ ਤਾਂ ਉਸ ਸਮੇ ਗੁਰੂ ਨਾਨਕ ਪਾਤਸ਼ਾਹ ਖੇਤਾਂ ਵਿੱਚ ਕੰਮ ਕਰ ਰਹੇ ਸੀ। ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਕੋਲ ਗਏ ਅਤੇ ਉਹਨਾਂ ਨੂੰ ਪੁੱਛਣ ਲੱਗੇ “ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਦਾ ਘਰ ਕਿਹੜਾ ਹੈ, ਮੈ ਉਹਨਾਂ ਨੂੰ ਮਿਲਣਾ ਹੈ”। ਇਹ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣਾ ਜੀ ਦੇ ਘੋੜੇ ਦੀਆਂ ਵਾਗਾਂ ਫੜ ਕੇ ਨਾਨਕ ਨੂੰ ਮਿਲਾਉਣ ਵਾਸਤੇ ਆਪਣੇ ਹੀ ਘਰ ਲੈ ਆਏ ਅਤੇ ਘਰ ਪਹੁੰਚ ਕੇ ਭਾਈ ਲਹਿਣਾ ਜੀ ਨੂੰ ਪਤਾ ਲੱਗਾ ਕਿ ਇਹ ਬਜੁਰਗ ਆਪ ਹੀ ਗੁਰੂ ਨਾਨਕ ਹਨ।

ਇਸ ਘਟਨਾਂ ਤੋਂ ਇਹ ਪਤਾ ਚਲਦਾ ਹੈ ਕਿ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਿਹਰੇ ਨੂੰ ਵੇਖ ਕੇ ਉਹਨਾਂ ਨੂੰ ਨਹੀਂ ਪਛਾਣਿਆ। ਕੀ ਇਸ ਦਾ ਮਤਲਬ ਗੁਰੂ ਨਾਨਕ ਪਾਤਸ਼ਾਹ ਦੇ ਚਿਹਰੇ ਤੇ ਕੋਈ ਨੂਰ ਨਹੀਂ ਸੀ? ਬਾਣੀ ਦਾ ਪਰਤਾਪ ਉਹਨਾਂ ਉਪਰ ਕੋਈ ਨਹੀਂ ਸੀ, ਜਾਂ ਭਾਈ ਲਹਿਣਾ ਜੀ ਜਿਹਨਾਂ ਨੂੰ ਬਾਦ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜੋਤ ਬਣਾਇਆ ਸੱਚੇ ਸਿੱਖ ਨਹੀਂ ਸਨ।

ਜੇ ਵਿਚਾਰ ਕੇ ਵੇਖੀਏ ਤਾਂ ਪਤਾ ਚਲਦਾ ਹੈ ਕਿ ਬਾਣੀ ਪੜਨ ਦੇ ਨਾਲ ਚਿਹਰੇ ਤੇ ਕੋਈ ਨੂਰ, ਲਾਲੀ ਆਉਣ ਦੀ ਬਜਾਇ, ਜੀਵਨ ਵਿੱਚ ਨੂਰ (ਪ੍ਰਕਾਸ਼) ਹੁੰਦਾ ਹੈ, ਜੀਵਨ ਨੂੰ ਇੱਕ ਨਵੀਂ ਸੇਧ ਮਿਲਦੀ ਹੈ, ਜੀਵਨ ਜਿਉਣ ਦਾ ਪਤਾ ਲਗਦਾ ਹੈ। ਬਾਣੀ ਪੜ ਕੇ ਹਰ ਬੰਦਾ ਆਪਣੀ ਜਿੰਦਗੀ ਦੇ ਹਰ ਇੱਕ ਪੱਖ ਨੂੰ ਸੰਵਾਰ ਕੇ ਇਸ ਸੰਸਾਰ ਨੂੰ ਸੱਚੇ ਕੀ ਕੋਠੜੀ ਬਣਾ ਸਕਦਾ ਹੈ।

ਜੇ ਬਾਣੀ ਦੇ ਨੂਰ ਨੂੰ ਵੇਖਣਾ ਹੋਵੇ ਤਾਂ ਗੁਰੂ ਅਰਜਨ ਪਾਤਸ਼ਾਹ ਦਾ ਜੀਵਨ ਵੇਖੋ, ਇਸ ਡਿਗ ਚੁੱਕੀ ਮਨੁੱਖਤਾ ਨੂੰ ਉੱਪਰ ਚੁੱਕਣ ਵਸਤੇ ਖੁਸ਼ੀ-ਖੁਸ਼ੀ ਆਪਣੇ ਸ਼ਰੀਰ ਦੀ ਕੁਰਬਾਨੀ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ ਹੱਕ ਤੇ ਸੱਚ ਨੂੰ ਕਾਇਮ ਰੱਖਣ ਲਈ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ। ਅੱਗੇ ਚੱਲ ਕੇ ਇਸੇ ਬਾਣੀ ਦੇ ਨੂਰ ਦਾ ਸਦਕਾ ਸਿੱਖਾਂ ਨੇ ਸਮੇ-ਸਮੇ ਸਿਰ ਸਮਾਜ ਨੂੰ ਉਪਰ ਚੁੱਕਣ ਵਾਸਤੇ ਆਪਣੇ ਆਪ ਨੂੰ ਖੁਸ਼ੀ ਖੁਸ਼ੀ ਪਰਮਾਤਮਾ ਦੀ ਖਲਕਤ ਦੇ ਲੇਖੇ ਲਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਸੂਰਮਿਆਂ ਨੇ ਸੱਚ ਦਾ ਰਾਜ ਕਾਇਮ ਕਰਦਿਆਂ ਆਪਣੇ ਸ਼ਰੀਰ ਨੂੰ ਜਮੂਰਾਂ ਨਾਲ ਪਟਵਾ ਲਿਆ ਅਤੇ ਆਪਣੇ ਹੀ ਮੁੰਡੇ ਦਾ ਕਲੇਜਾ ਆਪਣੀਆਂ ਅੱਖਾਂ ਸਾਹਮਣੇ ਕਢਵਾ ਕੇ ਮੂੰਹ ਵਿੱਚ ਪਵਾ ਲਿਆ। ਇਸੇ ਨੂਰ ਦਾ ਸਦਕਾ ਮੀਰ ਮੰਨੂੰ ਦੀ ਕੈਦ ਅੰਦਰ ਬੀਬੀਆਂ ਨੇ ਚਾਈਂ ਚਾਈਂ ਆਪਣੇ ਬੱਚਿਆਂ ਦੇ ਟੋਟਿਆਂ ਦੇ ਬਣੇ ਹਾਰ ਆਪਣੇ ਗਲ੍ਹਾਂ ਵਿੱਚ ਪਵਾ ਲਏ ਪਰ ਇਸ ਸਮਾਜ ਨੂੰ ਗੁਲਾਮ ਨਹੀਂ ਹੋਣ ਦਿੱਤਾ।

ਅੱਜ ਸਾਨੂੰ ਲੋੜ ਹੈ ਬਾਣੀ ਦੇ ਇਸ ਅਸਲੀ ਨੂਰ ਨੂੰ ਆਪਣੀ ਜਿੰਦਗੀ ਵਿੱਚ ਵਸਾਉਣ ਦੀ, ਤਾਂ ਜੋ ਸਾਡੇ ਸਾਰਿਆਂ ਦੇ ਜੀਵਨ ਅਤੇ ਕਿਰਦਾਰ ਚੋਂ ਇਹ ਨੂਰ ਪਰਗਟ ਹੋਵੇ। ਜੇ ਇਸ ਤਰਾਂ ਦੇ ਨੂਰ ਦਾ ਭਰਿਆ ਹੋਇਆ ਜੀਵਨ ਕਿਸੇ ਸੰਤ ਜਾਂ ਮਹਾਂਪੁਰਖਾਂ ਦਾ ਹੈ ਤਾਂ ਉਹਨਾਂ ਨੂੰ ਦੋਵੇ ਹੱਥ ਜੋੜ ਕੇ ਨਮਸਕਾਰ ਹੈ ਅਤੇ ਜੇ ਨਹੀਂ ਤਾਂ ਸੰਗਤਾਂ ਨੂੰ ਆਪ ਫੈਸਲਾ ਕਰਨਾ ਪਵੇਗਾ ਕਿ ਇਹਨਾਂ ਸੰਤਾਂ, ਮਹਾਂਪੁਰਸ਼ਾਂ ਦਾ ਕੀ ਕਰਨਾ ਹੈ।

–ਬਲਜਿੰਦਰ ਸਿੰਘ ਨਿਊਜ਼ੀਲੈਂਡ


“ਬੰਦੀ ਛੋੜ ਦਿਵਸ ਕਿ ਦੀਵਾਲੀ”

ਹੁਣੇ ਜਿਹੇ ਦੀਵਾਲੀ ਦਾ ਤਿਉਹਾਰ ਲੰਘ ਕੇ ਗਿਆ ਹੈ। ਸਾਰੇ ਹਿੰਦੂ ਜਗਤ ਵਿੱਚ ਇਸ ਦਿਨ ਦੀ ਖਾਸ ਮਹੱਤਤਾ ਹੈ। ਇਸ ਦਿਨ ਨੂੰ ਬੜੇ ਹਰਸ਼ੋ ਉਲਾਸ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਉਪਰ ਜਗਮਗਾਉਂਦੇ ਦੀਵੇ ਅਤੇ ਮਨ ਮੋਹਣ ਵਾਲੀ ਆਤਿਸ਼ਬਾਜੀ ਦਿਲ ਨੂੰ ਛੂ ਲੈਂਦੀ ਹੈ। ਸਜੇ ਹੋਏ ਬਜਾਰ ਅਤੇ ਚਮਕਦੇ ਘਰਾਂ ਦੇ ਮਹੌਲ ਵਿੱਚ ਇਸ ਨੂੰ ਕੇਵਲ ਹਿੰਦੂ ਜਗਤ ਹੀ ਨਹੀਂ ਸਗੋਂ ਹੋਰ ਮਤ ਵੀ ਇਸ ਵਿੱਚ ਮਲੋ-ਮੱਲੀ ਸ਼ਾਮਲ ਹੋ ਜਾਂਦੇ ਹਨ। ਭਾਂਵੇ ਦੂਸਰੇ ਮੱਤਾਂ-ਮਤਾਂਤਰਾਂ ਦਾ ਹਿੰਦੂ ਮੱਤ ਨਾਲ ਕੋਈ ਸਿਧਾਂਤਕ ਮਤਭੇਦ ਹੋਵੇ, ਪਰ ਸਰਕਾਰੀ ਛੁੱਟੀਆਂ ਦੇ ਵਿੱਚ ਇਸ ਮੇਲੇ ਵਰਗੇ ਮਹੌਲ ਵਿੱਚ ਸ਼ਾਮਲ ਹੋਣ ਤੋਂ ਆਪਣੇ ਆਪ ਨੂੰ ਕੋਈ ਰੋਕ ਨਹੀ ਸਕਦਾ।
ਹੁਣ ਅਸੀ ਸਿੱਖ ਮੱਤ ਦੀ ਗੱਲ ਕਰੀਏ। ਮੈ ਦੀਵਾਲੀ ਦੇ ਇਸ ਮੌਕੇ ਉੱਪਰ ਅਕਸਰ ਸਾਡੇ ਵੱਡੇ-ਵੱਡੇ ਇਤਿਹਾਸਕ ਅਤੇ ਹੋਰ ਗੁਰਦੁਵਾਰਿਆਂ ਅੰਦਰ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਨਾਂ ਹੇਠਾਂ ਬੜੇ ਹੀ ਧੂਮ-ਧਾਮ ਨਾਲ ਮਨਾਉਂਦਿਆਂ ਦੇਖਦਾ ਹਾਂ। ਇਸ ਦਿਨ ਉੱਪਰ ਕੀਤੇ ਹੋਏ ਇੰਤਜਾਮ ਕਈ ਗੁਰਦੁਆਰਾ ਸਾਹਿਬਾਨਾਂ ਅੰਦਰ ਤਾਂ ਉਨਾਂ ਦੇ ਸਾਰੇ ਸਾਲ ਅੰਦਰ ਕੀਤੇ ਹੋਏ ਹੋਰ ਗੁਰਪੁਰਬਾਂ ਨਾਲੋਂ ਕਿਤੇ ਵਧੇਰੇ ਹੁੰਦੇ ਹਨ। ਕਿਤੇ ਇਹ ਤਾਂ ਨਹੀਂ ਕਿ ਅਸੀਂ ਮਨਾਉਣਾ ਤਾਂ ਦੀਵਾਲੀ ਚਾਹੁੰਦੇ ਹਾਂ ਅਤੇ ਸਹਾਰਾ ਬੰਦੀ ਛੋੜ ਦਿਵਸ ਦਾ ਲੈ ਰਹੇ ਹਾਂ। ਜੇ ਇਉਂ ਨਾ ਹੋਵੇ ਤਾਂ ਸਾਡੇ ਬਾਕੀ ਗੁਰੁ ਸਹਿਬਾਨਾਂ ਦੇ ਗੁਰਪੁਰਬ ਅਤੇ ਗੁਰੁ ਹਰਿਗੋਬਿੰਦ ਪਾਤਸ਼ਾਹ ਨਾਲ ਸਬੰਧਤ ਸਾਰੇ ਦਿਹਾੜੇ ਵੀ ਇਸੇ ਹਰਸ਼ੋ-ਉਲਾਸ ਨਾਲ ਮਨਾਏ ਜਾਣੇ ਚਾਹੀਦੇ ਹਨ।
ਕੀ ਇਹ ਇੱਕ ਸੱਚੇ ਸਿੱਖ ਦਾ ਕਿਰਦਾਰ ਹੈ ਕਿ ਉਹ ਆਪਣੀ ਮਨਮਾਨੀ ਕਰਨ ਲਈ ਗੁਰੁ ਸਹਿਬਾਨਾਂ ਦੇ ਗੁਰਪੁਰਬਾਂ ਦਾ ਸਹਾਰਾ ਲਵੇ? ਹਾਂ, ਅੱਜ ਦੀ ਵਿਚਾਰ ਦੌਰਾਨ ਇੱਕ ਗੱਲ ਦਾ ਖਿਆਲ ਰੱਖਿਉ ਕਿ ਮੈਂ ਦੀਵਾਲੀ ਜਾਂ ਹਿੰਦੂ ਸਮਾਜ ਨਾਲ ਇੱਕ ਪਾਸਾ ਕਰਨ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਇਹ ਦੱਸਿਆ ਹੈ ਕਿ ਅਸੀਂ ਸਾਰੇ ਇੱਕੋ ਹੀ ਅਕਾਲਪੁਰਖ ਪਰਮਾਤਮਾ ਦੇ ਪੁੱਤਰ ਹਾਂ, ਸਾਡੇ ਗੁਰੂਆਂ ਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ। ਇਸ ਲਈ ਜੇ ਸਾਡਾ ਜਾਂ ਸਾਡੇ ਬੱਚਿਆਂ ਦਾ ਦਿਲ ਦੀਵਾਲੀ ਵਰਗੇ ਮਹੌਲ ਨੂੰ ਮਨਾਉਣ ਲਈ ਕਰਦਾ ਹੈ ਤਾਂ ਸਾਨੂੰ ਗੁਰਦੁਆਰੇ ਸਹਿਬਾਨਾਂ ਵਿੱਚ ਗੁਰੁ ਸਹਿਬਾਨਾਂ ਦੇ ਦਿਨਾਂ ਦਾ ਸਹਾਰਾ ਲੈਣ ਦੀ ਲੋੜ ਨਹੀਂ।
ਮੈਂ ਇੱਕ ਜਰੂਰੀ ਗੱਲ ਵੱਲ ਆਪ ਸਾਰਿਆਂ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਕੁੱਝ ਸਮਾਂ ਪਹਿਲਾਂ ਸਿੱਖ ਦਿਹਾੜੇ ਮਨਾਉਣ ਲਈ ਨਾਨਕਸ਼ਾਹੀ ਕੈਲੰਡਰ ਬਣਾਇਆ ਗਿਆ। ਇਸ ਕੈਲੰਡਰ ਤੋਂ ਪਹਿਲਾਂ ਅਸੀਂ ਸਾਰੇ ਦਿਹਾੜੇ ਹਿੰਦੂ ਜੰਤਰੀ ਆਨੁਸਾਰ ਹੀ ਮਨਾਉਂਦੇ ਸੀ ਜੋ ਕਿ ਸੂਰਜ ਅਤੇ ਚੰਦਰਮਾ ਦੀ ਗਤੀ ਨਾਲ ਸਬੰਧਤ ਹੋਣ ਕਰਕੇ ਸਾਰੇ ਦਿਹਾੜੇ ਅੱਗੇ ਪਿੱਛੇ ਹੁੰਦੇ ਰਹਿੰਦੇ ਸਨ। ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਇੱਕ ਸਾਲ ਚ ਦੋ ਵਾਰ ਆ ਗਿਆ ਸੀ, ਜੋ ਕਿ ਬਹੁਤ ਹੀ ਹਾਸੋ-ਹੀਣੀ ਗੱਲ ਸੀ। ਇਨਾਂ ਕੁੱਝ ਕਾਰਨਾਂ ਕਰਕੇ ਨਾਨਕਸ਼ਾਹੀ ਕੈਲੰਡਰ ਬਣਾਇਆ ਗਿਆ ਜਿਸ ਮੁਤਾਬਕ ਸਾਰੇ ਦਿਹਾੜਿਆਂ ਦੀਆਂ ਤਰੀਕਾਂ ਨਿਸ਼ਚਤ ਕਰ ਦਿੱਤੀਆਂ ਗਈਆਂ, ਪਰ ਕੁੱਝ ਚਲਾਕ ਜਾਂ ਨਾਸਮਝ ਲੋਕਾਂ ਨੇ ਹੋਲਾ ਮਹੱਲਾ, ਬੰਦੀ ਛੋੜ ਦਿਵਸ ਅਤੇ ਗੁਰੁ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਦੀਆਂ ਤਰੀਕਾਂ ਨਾਨਕਸ਼ਾਹੀ ਕੈਲੰਡਰ ਵਿੱਚ ਨਿਸ਼ਚਤ ਨਹੀਂ ਹੋਣ ਦਿੱਤੀਆਂ। ਇਨਾਂ ਤਿੰਨਾ ਦਿਨਾ ਦੇ ਨਾਲ ਕਈ ਹਿੰਦੂ ਮੱਤ ਦੇ ਦਿਨ ਜੁੜੇ ਹੋਏ ਹਨ। ਗੁਰੁ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਕੱਤਕ ਦੀ ਪੂਰਨਮਾਸ਼ੀ ਨੂੰ, ਹੋਲੇ ਮਹੱਲੇ ਨਾਲ ਹੋਲੀ ਅਤੇ ਬੰਦੀ ਛੋੜ ਦਿਵਸ ਨਾਲ ਦੀਵਾਲੀ।
ਜੇ ਆਪਾਂ ਥੋੜੇ ਜਿਹੇ ਧਿਆਨ ਨਾਲ ਦੇਖਾਂਗੇ ਤਾਂ ਇਨਾਂ ਤਿੰਨਾਂ ਦਿਹਾੜਿਆਂ ਦੀਆਂ ਤਰੀਕਾਂ ਨਿਸ਼ਚਤ ਨਾ ਕਰਨ ਵਿੱਚ ਕਿਸੇ ਸਾਜਿਸ਼ ਦੀ ਦੁਰਗੰਧ ਸਹਿਜ ਹੀ ਆ ਜਾਂਦੀ ਹੈ। ਜੇ ਐਸਾ ਨਾ ਹੁੰਦਾ ਤਾਂ ਸਿੱਖਾਂ ਵਿੱਚ ਹੋਰ ਬਹੁਤ ਸਾਰੇ ਦਿਹਾੜੇ ਇਨਾਂ ਨਾਲੋਂ ਵੀ ਵਧੇਰੇ ਮਹੱਤਵ ਰੱਖਦੇ ਹਨ ਪਰ ਉਨਾਂ ਵੱਲ ਕੋਈ ਜੋਰ ਨਹੀਂ ਪਾਇਆ ਗਿਆ।
ਅੱਜ ਸਾਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਅਸੀਂ ਕਿਸ ਪਾਸੇ ਵੱਲ ਜਾ ਰਹੇ ਹਾਂ। ਅੱਜ ਦੇ ਸਿੱਖ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਸਾਰੀ ਕੌਮ ਨੂੰ ਅਗਿਆਨਤਾ ਦੀ ਡੂੰਘੀ ਖੱਡ ਵਿੱਚ ਸੁੱਟਣ ਲਈ ਤਿਆਰ ਰਹਿੰਦੇ ਹਨ ਅਤੇ ਜਿਨਾਂ ਨੂੰ ਸੰਗਤ ਕਹਿੰਦੇ ਹਾਂ ਉਹ ਇੰਨੀ ਅਨਭੋਲ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਦੀ ਲੋੜ ਹੀ ਨਹੀਂ ਸਮਝਦੀ। ਜੇ ਇਸੇ ਤਰਾਂ ਚੱਲਦਾ ਰਿਹਾ ਤਾਂ ਕਿਤੇ ਇਹ ਨਾ ਹੋਵੇ ਕਿ ਕੁੱਝ ਸਮੇਂ ਬਾਅਦ ਗੁਰੁ ਸਹਿਬਾਨਾਂ ਦਾ ਅਸਲੀ ਸੁਨੇਹਾ, ਜੋ ਉਹ ਸਾਰਿਆਂ ਨੂੰ ਦੇ ਕੇ ਗਏ ਸੀ, ਅਲੋਪ ਹੋ ਜਾਏ ਅਤੇ ਚਲਾਕ ਤੇ ਬੇਈਮਾਨ ਲੋਕਾਂ ਦਾ ਧੱਕਾ ਅਤੇ ਕਮਜੋਰ ਲੋਕਾਂ ਦੀ ਚੁੱਪ ਹੀ ਸਿੱਖੀ ਦੇ ਨਾਂ ਤੇ ਰਹਿ ਜਾਏ।

–ਬਲਜਿੰਦਰ ਸਿੰਘ ਨਿਊਜ਼ੀਲੈਂਡ


ਗੁਰੂ ਸਾਹਿਬਾਨਾਂ ਦੀ ਅਸਲੀ ਵਡਿਆਈ ਕੀ ਹੈ?

ਇਸ ਤੋਂ ਪਿਛਲੇ ਲੇਖ (ਗਰੂ ਸਾਹਿਬਾਨਾਂ ਦੀ ਵਡਿਆਈ ਕਿ ਦੋ ਤੇ ਦੋ ਪੰਜ?) ਅੰਦਰ ਆਪਾਂ ਇਹ ਵਿਚਾਰਨ ਦਾ ਯਤਨ ਕੀਤਾ ਸੀ ਕਿ ਜਿਹੜੀ ਵਡਿਆਈ ਅਸੀ ਗੁਰੂ ਸਾਹਿਬਾਨਾਂ ਦੀ ਚਮਤਕਾਰੀ ਸਾਖੀਆਂ ਰਾਹੀਂ ਕਰਨ ਦਾ ਯਤਨ ਕਰ ਰਹੇ ਹਾਂ ਉਹ ਗੁਰਮਤਿ ਦੇ ਸਿਧਾਂਤ ਉੱਪਰ ਪੂਰੀ ਨਹੀਂ ਉੱਤਰਦੀ, ਜਿਸ ਕਰਕੇ ਸਾਨੂੰ ਅੱਜ ਲੋੜ ਹੈ ਇਹਨਾਂ ਚਮਤਕਾਰੀ ਸਾਖੀਆਂ ਨੂੰ ਸੋਧਣ ਦੀ ਅਤੇ ਗੁਰੂ ਸਾਹਿਬਾਨਾਂ ਦੀ ਅਸਲੀ ਵਡਿਆਈ ਕਰਨ ਦੀ। ਇਸ ਲੇਖ ਅੰਦਰ ਆਪਾਂ ਗੁਰਮਤਿ ਦੀ ਲੋਅ ਅੰਦਰ ਇਹ ਵਿਚਾਰਾਂਗੇ ਕਿ ਗੁਰੂ ਸਾਹਿਬਾਨਾਂ ਦੀ ਅਸਲੀ ਵਡਿਆਈ ਕੀ ਹੈ।

ਇਕ ਦਿਨ ਇਸੇ ਵਿਸ਼ੇ ਉਪਰ ਵਿਚਾਰ ਚਲ ਰਹੀ ਸੀ, ਜਿਸ ਵਿੱਚ ਮੇਰੇ ਵੱਡੇ ਵੀਰ ਹਰਨੇਕ ਸਿੰਘ ਹੋਰਾਂ ਨੇ ਬੜੀ ਸੋਹਣੀ ਗੱਲ ਕਹੀ। ਉਹਨਾਂ ਕਿਹਾ ਕਿ ਜੇ ਧਿਆਨ ਨਾਲ ਵੇਖੀਏ ਤਾਂ ਪਤਾ ਚਲਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਬਾਬਰ ਬਾਦਸ਼ਾਹ ਨੇ ਇਸ ਲਈ ਜੇਲ ਵਿੱਚ ਕੈਦ ਨਹੀਂ ਸੀ ਕੀਤਾ ਕਿ ਉਹਨਾਂ ਨੇ ਕੌੜੇ ਰੀਠਿਆਂ ਨੂੰ ਮਿੱਠਾ ਕਰ ਦਿੱਤਾ ਸੀ ਜਾਂ ਉਹਨਾਂ ਨੇ ਪੰਜਾ ਲਾ ਕੇ ਪੱਥਰ ਨੂੰ ਰੋਕ ਦਿੱਤਾ ਸਗੋਂ ਗੁਰੂ ਨਾਨਕ ਪਾਤਸ਼ਾਹ ਨੂੰ ਕੈਦ ਕਰਨ ਦਾ ਕਾਰਨ ਕੋਈ ਹੋਰ ਸੀ, ਜੋ ਗੁਰੂ ਪਾਤਸ਼ਾਹ ਦਾ ਮਿਸ਼ਨ ਅਤੇ ਉਹਨਾਂ ਦੀ ਅਸਲੀ ਵਡਿਆਈ ਸੀ।

ਇਸੇ ਤਰਾਂ ਔਰੰਗਜੇਬ ਨੇ ਗੁਰੂ ਤੇਗਬਹਾਦੁਰ ਜੀ ਨੂੰ ਇਸ ਲਈ ਸ਼ਹੀਦ ਨਹੀਂ ਸੀ ਕੀਤਾ ਕਿ ਉਹਨਾਂ ਨੇ ਮੋਢਾ ਲਾ ਕੇ ਇੱਕ ਵਪਾਰੀ ਦਾ ਜਹਾਜ ਡੁੱਬਣ ਤੋਂ ਬਚਾ ਲਿਆ ਸੀ। ਕੀ ਔਰੰਗਜੇਬ ਨੇ ਅਨੰਦਪੁਰ ਸਾਹਿਬ ਦੇ ਕਿਲੇ ਉਪਰ ਘੇਰਾ ਇਸ ਲਈ ਪਾਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਪਾਸ ਗੰਗਾ ਸਾਗਰ ਨਾ ਦਾ ਇੱਕ ਕਲਸ਼ ਹੈ ਜਿਸ ਵਿੱਚ ਜੇ ਦੁੱਧ ਪਾਇਆ ਜਾਏ ਤਾਂ ਦੁੱਧ ਡੁੱਲਦਾ ਨਹੀਂ।

ਜੇ ਇਹ ਹਮਲੇ ਇਸ ਕਰਕੇ ਨਹੀਂ ਸੀ ਕੀਤੇ ਗਏ ਤਾਂ ਫਿਰ ਸਾਨੂੰ ਇਹਨਾਂ ਗੱਲਾਂ ਨੂੰ ਪਰਚਾਰਨ ਦੀ ਬਜਾਏ ਗੁਰੂ ਸਾਹਿਬਾਨਾਂ ਦੀ ਅਸਲੀ ਵਡਿਆਈ ਜੋ ਉਹਨਾਂ ਦਾ ਮਿਸ਼ਨ ਸੀ, ਜਿਸ ਦੇ ਲਈ ਉਹਨਾਂ ਨੇ ਇੰਨੇ ਕਸ਼ਟ ਸਹਾਰੇ ਉਹਨਾਂ ਗੱਲਾਂ ਨੂੰ ਸਾਹਮਣੇ ਲਿਆਉਣ ਦੀ ਲੋੜ ਹੈ।

ਹੁਣ ਗੁਰੂ ਸਾਹਿਬਾਨਾਂ ਦੇ ਮਿਸ਼ਨ ਵੱਲ ਨਿਗਾਹ ਮਾਰੀਏ ਤਾਂ ਪਤਾ ਚਲਦਾ ਹੈ ਕਿ ਜਾਲਮ ਹਾਕਮਾਂ ਨੂੰ ਇੱਕ ਹੀ ਗੱਲ ਦਾ ਖਤਰਾ ਹੁੰਦਾ ਹੈ ਕਿ ਉਹਨਾਂ ਦੇ ਰਾਜ ਵਿੱਚ ਕਿਸੇ ਅੰਦਰ ਵੀ ਸਿਰ ਚੁੱਕ ਕੇ ਚੱਲਣ ਦੀ ਹਿੰਮਤ ਨਾ ਹੋਵੇ। ਜੇ ਕੋਈ ਇਸ ਤਰਾਂ ਕਰਨ ਦਾ ਯਤਨ ਕਰੇ ਤਾਂ ਉਹ ਉਹਨਾਂ ਜਾਲਮ ਹਾਕਮਾਂ ਦਾ ਸਭ ਤੋਂ ਵੱਡਾ ਦੁਸ਼ਮਨ ਹੈ। ਜੇ ਗੁਰੂ ਸਾਹਿਬਾਨਾਂ ਦੇ ਸਮੇ ਦਾ ਇਤਿਹਾਸ ਵੇਖੀਏ ਤਾਂ ਪਤਾ ਚਲਦਾ ਹੈ ਕਿ ਹਿੰਦੁਸਤਾਨ ਦੇ ਲੋਕਾਂ ਦੇ ਜੀਵਨ ਅੰਦਰ ਇੰਨੀ ਗਿਰਾਵਟ ਆ ਚੁੱਕੀ ਸੀ ਕਿ ਉਹ ਮਨੁੱਖ ਹੋਣ ਦਾ ਮਾਣ ਹੀ ਗਵਾ ਬੈਠੇ ਸੀ। ਉਸ ਸਮੇ ਇੱਕ ਗੱਲ ਆਮ ਪ੍ਰਚਲਤ ਸੀ ਕਿ ਜੇ ਕਿਸੇ ਮੁਗਲ ਨੇ ਤੁਰੇ ਜਾਂਦੇ ਥੁੱਕਣਾ ਹੋਵੇ ਅਤੇ ਸਾਹਮਣੇ ਕੋਈ ਹਿੰਦੂ ਆ ਰਿਹਾ ਹੋਵੇ ਤਾਂ ਉਸ ਹਿੰਦੂ ਨੂੰ ਸਤਿਕਾਰ ਨਾਲ ਆਪਣਾ ਮੂੰਹ ਖੋਲ ਕੇ ਖੜਾ ਹੋ ਜਾਣਾ ਚਾਹੀਦਾ ਹੈ। ਜਦੋਂ ਕਦੇ ਵੀ ਕਿਸੇ ਨੇ ਹਿੰਦੁਸਤਾਨ ਉੱਪਰ ਹਮਲਾ ਕੀਤਾ ਤਾਂ ਇਥੋਂ ਦੇ ਲੋਕਾਂ ਨੇ ਆਪਣੀ ਜਾਨ ਬਚਾਉਣ ਵਾਸਤੇ ਚਾਈਂ-ਚਾਈਂ ਆਪਣੀਆਂ ਕੁੜੀਆਂ ਅਤੇ ਜਨਾਨੀਆਂ ਉਹਨਾਂ ਹਮਲਾਵਰਾਂ ਦੇ ਨਾਲ ਤੋਰ ਦਿੱਤੀਆਂ, ਇੰਨੀ ਗਿਰਾਵਟ ਉਸ ਸਮੇ ਅੰਦਰ ਆ ਚੁੱਕੀ ਸੀ।

ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਅੰਦਰ ਵੀ ਇਸ ਤਰਾਂ ਦੇ ਕਈ ਹਵਾਲੇ ਮਿਲਦੇ ਹਨ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਹ ਮਿਸ਼ਨ ਚੱਲਦਾ ਆਇਆ ਸੀ ਕਿ ਇਸ ਡਿੱਗ ਚੁੱਕੀ ਮਨੁੱਖਤਾ ਨੂੰ ਉੱਪਰ ਚੁੱਕਿਆ ਜਾਏ, ਜਿਸ ਦੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਚਾਰ ਉਦਾਸੀਆਂ ਕੀਤੀਆਂ ਤੇ ਪਹਿਲਾਂ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢਿਆ ਅਤੇ ਉਸ ਤੋਂ ਬਾਦ ਚੱਲਦੇ-ਚੱਲਦੇ ਗੁਰੂ ਅਰਜਨ ਪਾਤਸ਼ਾਹ ਨੇ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਕੇ ਇੱਕ ਨਵੀ ਕ੍ਰਾਂਤੀ ਲਿਆ ਦਿੱਤੀ। ਉਹਨਾਂ ਸਮਝਾਇਆ ਕਿ ਮਨੁੱਖ ਕੇਵਲ ਆਪਣੀ ਜਾਨ ਬਚਾਉਣ ਵਾਸਤੇ ਹੀ ਇੰਨਾਂ ਡਿਗ ਪੈਂਦਾ ਹੈ ਕਿ ਉਸ ਦੀ ਗੈਰਤ ਹੀ ਮਰ ਜਾਂਦੀ ਹੈ। ਗੁਰੂ ਅਰਜਨ ਪਾਤਸ਼ਾਹ ਨੇ ਆਪਣੀ ਜਾਨ ਕੁਰਬਾਨ ਕਰਕੇ ਸਾਰਿਆਂ ਨੂੰ ਗੈਰਤ ਨਾਲ ਜੀਣਾ ਸਿਖਾਇਆ।

ਇਸੇ ਤਰਾਂ ਅੱਗੇ ਚੱਲਕੇ ਗੁਰੂ ਗੋਬਿੰਦ ਸਿੰਘ ਜੀ ਨੇ ਗਿੱਦੜੋਂ ਸ਼ੇਰ ਬਣਾਉਣ ਵਾਲੀ ਮਿਸਾਲ ਸੱਚ ਕਰ ਵਿਖਾਈ। ਉਹਨਾਂ ਨੇ ਇਸ ਡਿਗ ਚੁੱਕੀ ਮਨੁੱਖਤਾ ਨੂੰ ਇੰਨਾਂ ਉੱਚਾ ਚੁੱਕ ਦਿੱਤਾ ਕਿ ਜਿਹੜਾ ਬੰਦਾ ਹਮਲਾਵਰਾਂ ਦੇ ਅੱਗੇ ਹੱਥ ਜੋੜ ਕੇ ਖੜਾ ਰਹਿਂਦਾ ਸੀ ਉਸ ਨੇ ਮੁਕਾਬਲਾ ਕਰਨ ਵਾਸਤੇ ਹੱਥ ਵਿੱਚ ਤਲਵਾਰ ਚੁੱਕ ਕੇ ਅਣਖ ਅਤੇ ਗੈਰਤ ਨਾਲ ਜੀਣਾ ਸਿੱਖ ਲਿਆ। ਜਿਨਾਂ ਮਨੁੱਖੀ ਅਧਿਕਾਰਾਂ (Humen Rights) ਦੀ ਗੱਲ ਅੱਜ ਸਾਰੇ ਕਰ ਰਹੇ ਹਾਂ ਉਹ 500 ਸਾਲ ਪਹਿਲਾਂ ਹੀ ਗੁਰੂ ਸਾਹਿਬਾਨਾਂ ਨੇ ਕਰ ਦਿੱਤੀ ਸੀ।

ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਜੀਵਨ ਜਾਂਚ ਦਾ ਖਜਾਨਾ ਹੈ। ਸਾਰੀ ਬਾਣੀ ਸਾਨੂੰ ਜੀਵਨ ਜਿਉਣ ਦਾ ਸਹੀ ਢੰਗ ਸਿਖਾ ਰਹੀ ਹੈ। ਅੱਜ ਲੋੜ ਹੈ ਬਾਣੀ ਤੋਂ ਸੇਧ ਲੈ ਕੇ ਆਪਣੇ ਜੀਵਨ ਦੇ ਹਰ ਪੱਖ ਵਿੱਚ ਲਾਗੂ ਕਰਨ ਦੀ ਨਾਂ ਕਿ ਬਾਣੀ ਨੂੰ ਮੰਤ੍ਰ ਬਣਾ ਕੇ ਆਪਣੀਆਂ ਇੱਛਾਵਾਂ ਪੂਰੀਆਂ ਕਰਾਉਣ ਦੀ ਅਤੇ ਕਿਸੇ ਅਖੌਤੀ ਅਵਸਥਾ ਵਿੱਚ ਪਹੁੰਚਣ ਦੀ।

–ਬਲਜਿੰਦਰ ਸਿੰਘ ਨਿਊਜ਼ੀਲੈਂਡ


ਗੁਰੂ ਸਾਹਿਬਾਨਾਂ ਦੀ ਵਡਿਆਈ ਕਿ ਦੋ ਤੇ ਦੋ ਪੰਜ?

ਜੇ ਧਿਆਨ ਨਾਲ ਵੇਖੀਏ ਤਾਂ ਪਤਾ ਲਗਦਾ ਹੈ ਕਿ ਪੰਜਾਬੀਆਂ ਦਾ ਸੁਭਾਅ ਬੜਾ ਹੀ ਉਲਾਰੂ ਬਿਰਤੀ ਦਾ ਹੁੰਦਾ ਹੈ, ਇਹ ਜਿਸ ਪਾਸੇ ਵਲ ਸੋਚਣ ਲਗਦੇ ਹਨ ਉਸ ਪਾਸੇ ਐਨਾ ਝੁਕ ਜਾਂਦੇ ਹਨ ਕਿ ਅਸਲੀਅਤ ਤੋਂ ਕੋਹਾਂ ਦੂਰ ਚਲੇ ਜਾਂਦੇ ਹਨ। ਇਸੇ ਉਲਾਰੂ ਸੁਭਾਅ ਦਾ ਸਦਕਾ ਹੀ ਅਸੀ ਆਪਣੇ ਗੁਰੂ ਸਾਹਿਬਾਨਾਂ ਅਤੇ ਸਿੱਖਾਂ ਦਾ ਜੀਵਨ ਸਟੇਜਾਂ ਉਪਰ ਸੁਣਾਇਆ ਹੈ।
ਵਿਦਵਾਨਾਂ ਦਾ ਬਹੁਤ ਸੋਹਣਾ ਵਿਚਾਰ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਜਰੂਰ ਹੈ ਪਰ ਲਿਖਿਆ ਨਹੀਂ, ਇਸੇ ਕਰਕੇ ਜਦੋਂ ਅਸੀਂ ਆਪਣੇ ਗੁਰੂਆਂ ਅਤੇ ਸਿੱਖਾਂ ਦੀ ਵਡਿਆਈ ਕਰਨ ਲਗਦੇ ਹਾਂ ਤਾਂ ਇੰਨੇ ਉਲਾਰੂ ਹੋ ਜਾਂਦੇ ਹਾਂ ਕਿ ਅਸਲੀਅਤ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ, ਉਸ ਤੋਂ ਕੋਹਾਂ ਦੂਰ ਚਲੇ ਜਾਂਦੇ ਹਾਂ। ਅਸੀ ਆਪਣੇ ਗੁਰੂ ਸਾਹਿਬਾਨਾਂ ਅਤੇ ਸਿੱਖਾਂ ਦੀ ਵਡਿਆਈ ਜ਼ਜਬਾਤੀ ਹੋ ਕੇ ਦੋ ਤੇ ਦੋ ਪੰਜ ਕਰੀ ਜਾਂਦੇ ਹਾਂ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੇ ਪੂਰੀ ਨਹੀਂ ਉਤਰਦੀ।
ਜਦ ਮੈ ਛੋਟਾ ਹੁੰਦਾ ਸੀ ਤਾਂ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਪਰਚਾਰਕਾਂ ਪਾਸੋਂ ਗੁਰੂ ਸਾਹਿਬਾਨਾਂ ਬਾਰੇ ਚਮਤਕਾਰੀ ਸਾਖੀਆਂ ਅਕਸਰ ਸੁਣਿਆ ਕਰਦਾ ਸੀ, ਜੋ ਕਿ ਬੜੀਆਂ ਮਨਘੜਤ ਜਿਹੀਆਂ ਜਾਪਦੀਆਂ ਸਨ, ਪਰ ਸ਼ਰਧਾ ਵਸ ਹੋ ਕੇ ਸੁਣੀ ਜਾਣਾ, ਕੋਈ ਤਰਕ ਜਾਂ ਕਿੰਤੂ ਨਾ ਕਰਨਾ। ਪਰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੁੰ ਸਮਝ ਕੇ ਅਤੇ ਵਿਦਵਾਨਾਂ ਪਾਸ ਬੈਠ ਕੇ ਇਹ ਪਤਾ ਲਗਾ ਕਿ ਸਾਰੀਆਂ ਚਮਤਕਾਰੀ ਸਾਖੀਆਂ ਗੁਰੂ ਸਾਹਿਬਾਨਾਂ ਦੇ ਜੀਵਨ ਨਾਲ ਧੱਕੇ ਨਾਲ ਜੋੜ ਕੇ ਉਹਨਾਂ ਦੀ ਵਡਿਆਈ, ਦੋ ਤੇ ਦੋ ਪੰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਵੇਂ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਉਲਟ ਹੀ ਕਿਉ ਨਾ ਹੋਵੇ।
ਧਿਆਨ ਦੇਣ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਗੁਰੂ ਸਾਹਿਬਾਨਾਂ ਨੇ ਆਪ ਲਿਖੀ ਹੈ ਜਦਕਿ ਇਤਿਹਾਸ ਗੁਰੂ ਸਾਹਿਬਾਨਾਂ ਦੇ ਜਾਣ ਤੋਂ ਬਹੁਤ ਚਿਰ ਬਾਦ ਲਿਖਿਆ ਗਿਆ ਹੈ। ਸਾਖੀਆਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਸਮਝਣ ਵਾਸਤੇ ਵਰਤੀਆਂ ਜਾਂਦੀਆਂ ਹਨ ਨਾਂ ਕਿ ਸਾਖੀਆਂ ਤੋਂ ਕੋਈ ਸਿਧਾਂਤ ਬਣਾਇਆ ਜਾ ਸਕਦਾ ਹੈ। ਸਾਖੀਆਂ ਸੱਚ ਹਨ ਕਿ ਝੂਠ ਇਹ ਤਾਂ ਪਰਮਾਤਮਾ ਜਾਣੇ ਪਰ ਜਿਹੜੀਆਂ ਸਾਖੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ ਉਹਨਾਂ ਨੁੰ ਰੱਖਣ ਦਾ ਕੀ ਲਾਭ।
ਹੁਣ ਕੁੱਝ ਉਹਨਾਂ ਸਾਖਿਆਂ ਵਲ ਨਿਗਾਹ ਮਾਰੀਏ-
ਇਕ ਦਿਨ ਗੁਰੂ ਨਾਨਕ ਪਾਤਸ਼ਾਹ ਮੱਝਾਂ ਚਾਰਨ ਗਏ ਤੇ ਉਹਨਾਂ ਦੀ ਉਥੇ ਸਮਾਧੀ ਲਗ ਗਈ ਮੱਝਾਂ ਨੇ ਸਾਰੇ ਖੇਤ ਉਜਾੜ ਸੁਟੇ ਲੋਕਾਂ ਨੇ ਰਾਯ ਬੁਲਾਰ ਪਾਸ ਸ਼ਿਕਾਇਤ ਕੀਤੀ ਪਰ ਬਾਦ ਵਿੱਚ ਸਾਰੇ ਖੇਤ ਸਹੀ ਸਲਾਮਤ ਨਿਕਲੇ। ਸਾਨੂੰ ਇਸ ਸਾਖੀ ਤੋਂ ਕੀ ਸਿਖਿਆ ਮਿਲਦੀ ਹੈ, ਕਿ ਆਪਣੀ ਕਿਰਤ ਕਰਨ ਲਗਿਆਂ ਆਪਣੀ ਜਿੰਮੇਵਾਰੀ ਤੋਂ ਅਵੇਸਲੇ ਹੋ ਜਾਈਏ।
ਇਸੇ ਤਰਾਂ ਗੁਰੂ ਨਾਨਕ ਜੀ ਨੇ ਮੋਦੀ ਦੀ ਕਾਰ ਕਰਦਿਆਂ ਤੇਰਾਂ-ਤੇਰਾਂ ਕਰਦਿਆਂ ਸਾਰਾ ਮੋਦੀਖਾਨਾ ਲੁਟਾ ਦਿਤਾ ਪਰ ਬਾਦ ਵਿੱਚ ਹਿਸਾਬ ਕਰਨ ਉਪਰ ਗੁਰੂ ਸਾਹਿਬ ਦੇ ਪੈਸੇ ਵੱਧ ਨਿਕਲੇ, ਕੀ ਤੁਸੀਂ ਇਸ ਸਿਧਾਂਤ ਨੂੰ ਆਪਣੇ ਵਪਾਰ ਉਪਰ ਲਾਗੂ ਕਰ ਸਕਦੇ ਹੋ? ਕਦੇ ਵੀ ਨਹੀਂ, ਸਗੋਂ ਗੁਰੂ ਰਾਮਦਾਸ ਜੀ ਨੇ ਤਾਂ ਵਧੀਆ ਵਪਾਰ ਕਰਨ ਵਾਸਤੇ ਅੰਮ੍ਰਿਤਸਰ ਸ਼ਹਿਰ ਵਸਾਇਆ ਸੀ।
ਕਈ ਨਾਸਮਝ ਲਿਖਾਰੀਆਂ ਨੇ ਗੁਰੂ ਨਾਨਕ ਪਾਤਸ਼ਾਹ ਉਤੇ ਸ਼ੇਸ਼ ਨਾਗ ਦੀ ਛਾਂ ਕਰਕੇ ਗੁਰੂ ਸਾਹਿਬ ਨੂੰ ਕ੍ਰਿਸ਼ਨ ਭਗਵਾਨ ਦੇ ਬਰਾਬਰ ਲਿਆਉਣ ਦਾ ਯਤਨ ਕੀਤਾ ਅਤੇ ਕਿਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਕਿਸ਼ੋਰ ਅਵਸਥਾ ਵਿੱਚ ਕੁੜੀਆਂ ਦੀਆਂ ਪਾਣੀ ਵਾਲੀਆਂ ਗਾਗਰਾਂ ਭਨਾ ਕੇ ਕ੍ਰਿਸ਼ਨ ਦੀਆਂ ਗੋਪੀਆਂ ਦੀਆਂ ਮਟਕੀਆਂ ਭੰਣਨ ਵਾਲੀ ਸਾਖੀ ਨਾਲ ਜੋੜ ਦਿੱਤਾ, ਸ਼ਾਇਦ ਇਨਾਂ ਲੇਖਕਾਂ ਦੇ ਮਨਾ ਅੰਦਰ ਇਹ ਸੀ ਕਿ ਸਿੱਖ ਗੁਰੂ ਕਿਤੇ ਹਿੰਦੂ ਅਵਤਾਰਾਂ ਤੋਂ ਪਿੱਛੇ ਨਾ ਰਹਿ ਜਾਣ।
ਕਈ ਥਾਂਈ ਤਾਂ ਇਹਨਾਂ ਲਿਖਾਰੀਆਂ ਨੇ ਹੱਦ ਹੀ ਕਰ ਦਿੱਤੀ, ਇਹਨਾਂ ਨੇ ਗੁਰੂ ਨਾਨਕ ਜੀ ਦੇ ਚੋਲਾ ਛੱਡਣ ਤੋਂ ਬਾਦ ਉਹਨਾਂ ਦੀ ਦੇਹ ਦੇ ਫੁੱਲ ਬਣਾ ਦਿਤੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਘੋੜੇ ਉਪਰ ਬਿਠਾ ਕੇ ਚਿਖਾ ਵਿਚੋਂ ਕੱਢ ਕੇ ਸਨਦੇਹੀ ਪਰਲੋਕ ਭੇਜ ਦਿੱਤਾ। ਪਰ ਜੇ ਗੁਰੂ ਸਾਹਿਬਾਨਾਂ ਦਾ ਜੀਵਨ ਵੇਖੀਏ ਤਾਂ ਪਤਾ ਚਲਦਾ ਹੈ ਕਿ ਉਹਨਾਂ ਨੇ ਕੋਈ ਵੀ ਕੰਮ ਕੁਦਰਤ ਦੇ ਨਿਯਮਾਂ ਤੋਂ ਉਲਟ ਨਹੀਂ ਕੀਤਾ ਜਿਸਨੂੰ ਗੁਰੂ ਸਾਹਿਬ ਨੇ ਭਾਣੇ ਵਿੱਚ ਰਹਿਣਾ ਦੱਸਿਆ ਹੈ।
ਅੱਜ ਆਪਾਂ ਸਾਰਿਆਂ ਨੂੰ ਲੋੜ ਹੈ ਸਾਰੇ ਇਤਿਹਾਸ ਅਤੇ ਇਹਨਾਂ ਸਾਖੀਆਂ ਨੂੰ ਪੜਚੋਲਣ ਦੀ। ਜੇ ਇਹ ਸਾਰੀਆਂ ਲਿਖਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਉੱਪਰ ਪੂਰੀਆਂ ਨਹੀਂ ਉੱਤਰਦੀਆਂ ਤਾਂ ਉਹਨਾਂ ਨੂੰ ਸੋਧ ਕੇ ਲਿਖਣ ਦੀ ਲੋੜ ਹੈ ਤਾਂ ਜੋ ਗੁਰੂ ਸਾਹਿਬਾਨਾਂ ਦੀ ਵਡਿਆਈ, ਦੋ ਤੇ ਦੋ ਚਾਰ ਕਰਕੇ ਸਾਰੇ ਸਵਾਲਾਂ ਨੂੰ ਹੱਲ ਕੀਤਾ ਜਾ ਸਕੇ।
–ਬਲਜਿੰਦਰ ਸਿੰਘ ਨਿਊਜ਼ੀਲੈਂਡ


ਬੰਦਾ ਬਣ ਜਾ ਬੰਦਾ

ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਮੇਰੇ ਦਾਦਾ ਜੀ ਸਾਨੂੰ ਇੱਕ ਕਹਾਣੀ ਅਕਸਰ ਸੁਣਾਇਆ ਕਰਦੇ ਸੀ। ਇੱਕ ਵਾਰ ਇੱਕ ਗਰੀਬ ਜਿਹੇ ਕਿਸਮ ਦਾ ਇਨਸਾਨ ਬਜਾਰ ਵਿਚੋਂ ਦੀ ਲੰਘ ਰਿਹਾ ਸੀ ਕਿ ਉਸ ਨੂੰ ਬੜੀ ਪਿਆਸ ਲੱਗੀ ਉਸਨੇ ਇੱਕ ਦੁਕਾਨ ਉਪਰ ਜਾ ਕੇ ਇੱਕ ਸੇਠ (ਦੁਕਾਨਦਾਰ) ਨੂੰ ਬੜੀ ਨਿਮਰਤਾ ਨਾਲ ਕਿਹਾ “ਸੇਠ ਜੀ ਬੜੀ ਪਿਆਸ ਲੱਗੀ ਹੈ ਇੱਕ ਗਿਲਾਸ ਪਾਣੀ ਮਿਲ ਸਕਦਾ ਹੈ” ? ਸੇਠ ਜੀ ਕਹਿਣ ਲੱਗੇ “ਮੇਰਾ ਬੰਦਾ ਥੋੜਾ ਜਿਹਾ ਕੰਮ ਕਰ ਰਿਹਾ ਹੈ ਜਦ ਉਹ ਵਿਹਲਾ ਹੋ ਜਾਊਗਾ ਉਹ ਤੈਨੂੰ ਪਾਣੀ ਦੇ ਦਿੰਦਾ ਹੈ”। ਥੌੜੇ ਸਮੇ ਤਕ ਜਦ ਕੋਈ ਵੀ ਨਾ ਅਇਆ ਤਾਂ ਉਸ ਗਰੀਬ ਇਨਸਾਨ ਨੇ ਫਿਰ ਕਿਹਾ “ਸੇਠ ਜੀ ਪਿਆਸ ਬਹੁਤ ਲੱਗੀ ਹੈ ਪਾਣੀ ਮਿਲ ਸਕਦਾ ਹੈ” ਤਾਂ ਸੇਠ ਜੀ ਕਹਿਣ ਲੱਗੇ “ਬਈ ਦੋ ਮਿੰਟ ਰੁਕ ਜਾ, ਹੁਣੇ ਬੰਦਾ ਆਉਂਦਾ ਹੈ”। ਪਰ ਜਦ 15-20 ਮਿੰਟ ਕੋਈ ਨਾਂ ਅਇਆ ਤਾਂ ਉਹ ਵਿਚਾਰਾ ਫਿਰ ਕਹਿਣ ਲੱਗਾ “ਸੇਠ ਜੀ ਪਿਆਸ ਬਹੁਤ ਲੱਗੀ ਹੈ”। ਹੁਣ ਸੇਠ ਜੀ ਖਿਝ ਗਏ ਅਤੇ ਗੁੱਸੇ ਨਾਲ ਕਹਿਣ ਲੱਗੇ “ਤੇਨੂੰ ਕਿਹਾ ਹੈ ਨਾਂ ਬੰਦਾ ਆਉਂਦਾ ਹੈ ਰੁਕ ਜਾ ਦੋ ਮਿੰਟ”। ਇਹ ਸੁਣ ਕੇ ਉਹ ਗਰੀਬ ਹੱਥ ਜੋੜ ਕੇ ਕਹਿਣ ਲੱਗਾ “ਸੇਠ ਜੀ ਦੋ ਮਿੰਟ ਲਈ ਤੁਸੀਂ ਬੰਦੇ ਬਣ ਜਾਓ”। ਇਹ ਸੁਣ ਕੇ ਅਸੀ ਸਾਰਿਆਂ ਨੇ ਹੱਸ ਪੈਣਾ, ਪਰ ਅੱਜ ਇਸ ਕਹਾਣੀ ਵਿੱਚ ਛੁਪੀ ਸਿੱਖਆ ਦਾ ਕੁਝ-ਕੁਝ ਪਤਾ ਲਗਦਾ ਹੈ, ਅਸਲ ਵਿੱਚ ਜਿਸ ਬੰਦੇ ਅੰਦਰ ਬੰਦਿਆਂ ਵਾਲਾ ਸੁਭਾਅ, ਬੰਦਿਆਂ ਵਾਲੇ ਗੁਣ ਨਹੀਂ, ਭਾਂਵੇ ਉਸ ਪਾਸ ਬੰਦਿਆਂ ਵਾਲਾ ਸ਼ਰੀਰ ਹੈ ਉਸ ਨੂੰ ਬੰਦਾ ਕਹਿਣ ਦੀ ਲੋੜ ਨਹੀਂ ਸਗੋਂ ਉਹ ਤਾਂ ਜਾਨਵਰਾਂ ਦੇ ਸਮਾਨ ਹੈ।
ਬਾਣੀ ਵਿੱਚ ਵੀ ਗੁਰੁ ਸਾਹਿਬ ਨੇ ਕਈ ਜਗਾਹ ਜਿਕਰ ਕੀਤਾ ਹੈ ਜਿਵੇਂ “ਕਰਤੂਤ ਪਸੂ ਕੀ ਮਾਣਸ ਜਾਤ” ਭਾਵ ਕਈਆਂ ਦਾ ਸੁਭਾਵ ਇਸ ਤਰਾਂ ਦਾ ਹੁੰਦਾ ਹੈ ਕਿ ਉਹ ਆਪਣੀਆਂ ਕਰਤੂਤਾਂ ਵਜੋਂ ਪਸ਼ੂ ਬਿਰਤੀ ਦੇ ਹੁੰਦੇ ਹਨ ਭਾਂਵੇਂ ਉਹਨਾਂ ਪਾਸ ਇਹ ਮਨੁੱਖਾ ਦੇਹ ਕਿਉਂ ਨਾ ਹੋਵੇ।
ਮੇਨੂੰ ਤਾਂ ਇਉਂ ਜਾਪਦਾ ਹੈ ਪਸ਼ੂ (ਜਾਨਵਰ) ਤਾਂ ਇਹਨਾ ਮਨੁੱਖਾਂ (ਜੋ ਆਪਨੇ ਸੁਭਾਵ ਵਿੱਚ ਨਹੀਂ) ਨਾਲੋਂ ਕਈ ਗੁਣਾ ਚੰਗੇ ਹਨ। ਪਸ਼ੂ ਆਪਣਾ ਸੁਭਾਅ ਕਦੇ ਨਹੀਂ ਛੱਡਦੇ, ਇੱਕ ਬੰਦਾ ਹੀ ਹੈ ਜੋ ਆਪਣਾ ਸੁਭਾਅ ਛੱਡਣ ਲੱਗਿਆਂ ਇੱਕ ਪਲ ਵੀ ਨਹੀਂ ਲਾਉਂਦਾ। ਇੱਕ ਦਿਨ ਇਹ ਵੀਚਾਰ ਹੋ ਰਹੀ ਸੀ ਕਿ ਆਪਾਂ ਪਸ਼ੂਆਂ ਨੂੰ ਐਵੇਂ ਹੀ ਨਿੰਦਦੇ ਰਹਿੰਦੇ ਹਾਂ ਅਤੇ ਆਮ ਕਰਕੇ ਇਹ ਕਿਹਾ ਜਾਂਦਾ ਹੈ ਕਿ “ਬਈ ਬੰਦਿਆ ਚੰਗੇ ਕੰਮ ਕਰਿਆ ਕਰ ਨਹੀਂ ਤਾਂ ਅਗਲੇ ਜਨਮ ਵਿੱਚ ਰੱਬ ਸਜਾ ਵਜੋਂ ਤੈਨੂੰ ਕੁੱਤਾ, ਬਿੱਲੀ ਜਾਂ ਹੋਰ ਜਾਨਵਰ ਬਣਾ ਦੇਉਗਾ”। ਪਰ ਵਿਚਾਰ ਕਰੀਏ ਤਾਂ ਪਤਾ ਲਗਦਾ ਹੈ ਕਿ ਇਹ ਸਾਰੇ ਜਾਨਵਰ ਤਾਂ ਆਪਣੇ ਸੁਭਾਅ ਵਿੱਚ ਬੜੇ ਖੁਸ਼ ਹਨ। ਹਰ ਜਾਨਵਰ ਨੂੰ ਆਪਣੀ ਜਾਨ ਪਿਆਰੀ ਹੈ ਕਿਤੇ ਇਹ ਨਾਂ ਹੁੰਦਾ ਹੋਵੇ ਕਿ ਜਦ ਇਹ ਜਾਨਵਰ ਆਪਸ ਵਿੱਚ ਗੱਲਾਂ ਕਰਦੇ ਹੋਣ ਅਤੇ ਇੱਕ ਦੁਜੇ ਨੂੰ ਕਹਿੰਦੇ ਹੋਣ “ਬਈ ਚੰਗੇ ਕੰਮ ਕਰਿਆ ਕਰੋ ਨਹੀਂ ਤਾਂ ਰੱਬ ਬੰਦਾ ਬਣਾ ਦਊਗਾ”।
ਭਾਵ ਜੇ ਹਰ ਜਾਨਵਰ ਆਪੋ ਆਪਣੇ ਸੁਭਾਅ ਵਿੱਚ ਰਹਿੰਦਾ ਹੈ ਤਾਂ ਇਨਸਾਨ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਵੀ ਆਪਣੇ ਸੁਭਾਅ ਵਿੱਚ ਰਹੇ। ਉਸ ਨੂੰ ਹਰ ਪਲ ਇਹ ਚੇਤੇ ਹੋਵੇ ਕਿ ਉਹ ਸਭ ਕੁੱਝ ਹੋਣ ਤੋਂ ਪਹਿਲਾਂ ਇੱਕ ਬੰਦਾ ਹੈ, ਬੰਦਾ ਹੋਣ ਦੇ ਨਾਤੇ ਉਹ ਆਪਣੇ ਪਰਮਾਤਮਾ ਤੋਂ ਮਿਲੇ ਸੁਭਾਅ ਆਨੁਸਾਰ ਬੰਦਿਆਂ ਵਾਲੇ ਕੰਮ ਕਰੇ ਅਤੇ ਇਸ ਸਮਾਜ ਨੁੰ, ਇਸ ਖਲਕਤ ਨੂੰ, ਹੋਰ ਸੋਹਣਾ ਬਣਾਵੇ, ਆਪਣਾ ਬਣਦਾ ਸਹਿਯੋਗ ਇਸ ਸਮਾਜ ਲਈ ਪਾਵੇ। ਮੈ ਇਹ ਨਹੀਂ ਕਹਿੰਦਾ ਕਿ ਕਿਸੇ ਅੰਨੇ ਨੂੰ ਆਪਣੀਆਂ ਅੱਖਾਂ ਕੱਢ ਕੇ ਦੇ ਦਿਉ, ਪਰ ਉਸ ਦਾ ਹੱਥ ਫੜ ਕੇ ਉਸ ਨੂੰ ਸਮਾਜ ਵਿੱਚ ਖੜਾ ਤਾਂ ਕੀਤਾ ਜਾ ਸਕਦਾ ਹੈ, ਕਿਸੇ ਲੰਗੜੇ ਮਨੁੱਖ ਦੀ ਬੈਸਾਖੀ ਬਣਿਆ ਜਾ ਸਕਦਾ ਹੈ ਭਾਵ ਇਸ ਸਮਾਜ ਅੰਦਰ ਥੱਲੇ ਡਿਗ ਚੁੱਕੀ ਮਨੁੱਖਤਾ ਨੂੰ ਆਪਣੇ ਬਣਦੇ ਯੋਗਦਾਨ ਨਾਲ ਉਤੇ ਚੁੱਕਿਆ ਜਾ ਸਕਦਾ ਹੈ।
ਪਰ ਅੱਜ ਤਾਂ ਸਭ ਨੂੰ ਆਪੋ-ਧਾਪੀ ਲੱਗੀ ਪਈ ਹੈ, ਇਸ ਨਾ ਮੁੱਕਣ ਵਾਲੀ ਦੌੜ ਅੰਦਰ ਹਰ ਬੰਦਾ ਭੱਜੀ ਜਾ ਰਿਹਾ ਹੈ ਕਿਸੇ ਕੋਲ ਇਹ ਸਾਰੀਆਂ ਗੱਲਾਂ ਸੋਚਣ ਲਈ ਸਮਾਂ ਹੀ ਨਹੀਂ ਹੈ। ਕਿਤੇ ਇਹ ਨਾ ਹੋਵੇ ਕਿ ਦੁਨੀਆਂ ਅੰਦਰ ਮਨੁੱਖਾਂ ਦੀ ਅਬਾਦੀ ਤਾਂ ਵੱਧ ਕੇ ਹੋਰ ਦੁੱਗਣੀ ਹੋ ਜਾਵੇ ਪਰ ਇਨਸਾਨਾਂ (ਜਿਨਾਂ ਅੰਦਰ ਇਨਸਾਨੀਅਤ ਹੈ) ਦੀ ਗਿਣਤੀ ਬਿਲਕੁਲ ਹੀ ਖਤਮ ਹੋ ਜਾਵੇ।
ਇਹ ਖਤਮ ਹੋ ਚੁੱਕੀ ਇਨਸਾਨੀਅਤ ਦੀ ਹੀ ਨਿਸ਼ਾਨੀ ਹੈ ਕਿ ਜਦ ਆਪਾਂ ਆਪਣਿਆਂ ਦੇਸ਼ਾਂ (ਇੰਡੀਆ) ਦੀਆਂ ਅਖਬਾਰਾਂ ਚੁੱਕਦੇ ਹਾਂ ਤਾਂ ਉਹਨਾਂ ਦੀਆਂ ਸੁਰਖੀਆਂ ਹੁੰਦੀਆਂ ਹਨ “ਇਕ ਬਾਪ ਨੇ ਅਪਣੀ ਪੰਜ ਸਾਲਾ ਕੁੜੀ ਨਾਲ ਬਲਾਤਕਾਰ ਕੀਤਾ, ਇੱਕ ਮਾਂ ਨੇ ਆਪਣੇ ਬੱਚਿਆਂ ਦਾ ਗਲ੍ਹਾ ਨੱਪਿਆ, ਇੱਕ ਮੁੰਡੇ ਨੇ ਆਪਣੇ ਮਾਂ ਬਾਪ ਨੂੰ ਖੂਨ ਦੇ ਘਾਟ ਉਤਾਰਿਆ”, ਅਤੇ ਇਸ ਤੋਂ ਵੀ ਦਰਦਨਾਕ ਖਬਰਾਂ।
ਅਜੇ ਵੀ ਮੌਕਾ ਹੈ ਕਿ ਸਾਰੇ ਜਾਗ ਜਾਈਏ ਨਹੀਂ ਤਾਂ ਕਿਤੇ ਇਹ ਨਾਂ ਹੋਵੇ ਕਿ ਇਸ ਧਰਤੀ ਉਪਰ ਆਉਣ ਵਾਲਾ ਬੱਚਾ ਜਨਮ ਲੈਣ ਤੋਂ ਇਨਕਾਰ ਕਰ ਦੇਵੇ, ਕਿਤੇ ਇਹ ਨਾਂ ਹੋਵੇ ਕਿ ਜਿਹੜੀਆਂ ਕੁੜੀਆਂ ਅਸੀ ਕੁੱਖ ਵਿੱਚ ਕਤਲ ਕਰਵਾ ਦਿੱਤੀਆਂ ਹਨ ਉਹ ਉਤੇ ਇਹ ਕਹਿਣ ਕਿ “ਇਸ ਜਿੱਲਤ ਭਰੀ ਜਿੰਦਗੀ ਨਾਲੋਂ ਤਾਂ ਇਹ ਗੁਮਨਾਮੀ ਦੀ ਮੌਤ ਹੀ ਸੌ ਗੁਣਾ ਚੰਗੀ ਹੈ,” ਕਿਤੇ ਇਹ ਨਾ ਹੋਵੇ ?, ਕਿਤੇ ਇਹ ਨਾਂ ਹੋਵੇ ?, ਕਿਤੇ ਇਹ ਨਾਂ ਹੋਵੇ ?

–ਬਲਜਿੰਦਰ ਸਿੰਘ ਨਿਊਜ਼ੀਲੈਂਡ


ਕੀ ਗੁਰੂ ਸਾਹਿਬ ਦਾ ਪਰਗਟ ਹੋਣਾ ਜਰੂਰੀ ਹੈ?

ਅੱਜ ਇਹ ਦੇਖਿਆ ਗਿਆ ਹੈ ਕਿ ਜਿਹੜੇ ਸਾਡੇ ਅੱਜ ਦੇ ਮਹਾਂਪੁਰਖ ਅਤੇ ਸੰਤ ਹਨ ਉਹਨਾਂ ਨੂੰ ਇਹ ਦਰਜਾ ਗੁਰੂ ਨਾਨਕ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਨਾਲ ਮਿਲਿਆ ਹੈ, ਇਉਂ ਜਾਪਦਾ ਹੈ ਕਿ ਜਿਹੜਾ ਕੰਮ ਗੁਰੂ ਸਾਹਿਬ ਕਰਕੇ ਗਏ ਸੀ ਉਹ ਅਧੂਰਾ ਰਹਿ ਗਿਆ ਅਤੇ ਇਹਨਾ ਮਹਾਂਪੁਰਖਾਂ ਨੂੰ ਉਹਨਾਂ ਨੇ ਦਰਸ਼ਨ ਦੇ ਕੇ ਅੱਗੇ ਨਵੇਂ ਰਾਹ ਦੱਸੇ ਹਨ। ਅਜ ਇਹਨਾਂ ਅਖੌਤੀ ਸੰਤਾਂ ਮਹਾਪੁਰਖਾਂ
ਨੇ ਸੰਗਤ ਨੂੰ ਨਵੇਂ ਰਾਹ ਦੱਸ-ਦੱਸ ਕੇ ਭੰਬਲ ਭੂਸੇ ਵਿੱਚ ਪਾ ਰੱਖਿਆ ਹੈ।
ਅੱਜ ਇਹ ਧਿਆਨ ਦੇਣ ਦੀ ਬਹੁਤ ਲੋੜ ਹੈ ਕਿ ਗੁਰੂ ਸਾਹਿਬ ਦੇ ਦਰਸ਼ਨ ਕੀ ਹੈ। ਅੱਜ ਇੱਕ ਸੰਤ ਜੀ ਦੀ ਏਸੇ ਕਰਕੇ ਵਡਿਆਈ ਹੈ ਕਿ ਉਨਾਂ ਨੂੰ ਗੁਰੂ ਨਾਨਕ ਜੀ ਦੇ ਦਰਸ਼ਨ ਹੋਏ ਸਨ। ਇਸ ਵਿੱਚ ਕਈ ਗੱਲਾਂ ਵੇਖਣ ਵਾਲੀਆਂ ਹਨ—
1. ਕੀ ਕੇਵਲ ਦੇਹ ਦੇ ਦਰਸ਼ਨ ਹੀ ਗੁਰੂ ਸਾਹਿਬ ਦੇ ਦਰਸ਼ਨ ਹਨ ਜੇ ਹਨ ਤਾਂ ਫੇਰ ਗੁਰੂ ਨਾਨਕ ਸਾਹਿਬ ਦੀ ਦੇਹ ਦੇ ਦਰਸ਼ਨ ਤਾਂ ਉਨਾਂ ਦੇ ਪੁੱਤਰ ਅਤੇ ਉਸ ਸਮੇਂ ਦੇ ਲੋਕ ਨਿਤਾਪ੍ਰਤੀ ਕਰਦੇ ਸਨ, ਪਰ ਜਿਹਨਾਂ ਨੇ ਉਨਾਂ ਦਾ ੳਪਦੇਸ਼ ਨਹੀ ਸੁਣਿਆ ਉਨਾਂ ਲੋਕਾਂ ਵਿੱਚ ਕੋਈ ਤਬਦੀਲੀ ਨਹੀਂ ਆ ਸਕੀ। ਇਤਿਹਾਸ ਦੀਆਂ ਕੁੱਝ ਉਦਾਹਰਨਾਂ ਲਈਏ ਤਾਂ ਪਤਾ ਚਲਦਾ ਹੈ ਕਿ ਜਦੋਂ ਗੁਰੂ ਨਾਨਕ ਜੀ ਮੱਕੇ ਗਏ ਤਾਂ ਉਨਾਂ ਦੀ ਦੇਹ ਦੇ ਦਰਸ਼ਨ ਕਰਨ ਦੇ ਬਾਵਜੂਦ ਉਥੋਂ ਦਿਆਂ ਮੌਲਾਣਿਆਂ ਨੇ ਗੁਰੂ ਸਾਹਿਬ ਦੇ ਮੱਕੇ ਵੱਲ ਪੈਰ ਕਰਕੇ ਸੌਣ ਉਤੇ ਲੱਤਾਂ ਮਾਰੀਆਂ ਪਰ ਜਦ ਗੁਰੂ ਸਾਹਿਬ ਨੇ ਉਨਾਂ ਨੂੰ ਪਰਮਾਤਮਾ ਹਰ ਜਗਾ ਵਸਦਾ ਦੱਸਿਆ ਤਾਂ ਉਨਾਂ ਮੌਲਾਣਿਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਇਸੇ ਤਰਾਂ ਗੁਰੂ ਸਾਹਿਬ ਜਿੱਥੇ-ਜਿੱਥੇ ਵੀ ਗਏ ਕੇਵਲ ਉਨਾਂ ਦੀ ਦੇਹ ਦੇ ਦਰਸ਼ਨ ਨਾਲ ਲੋਕਾਂ ਨੂੰ ਸੋਝੀ ਨਹੀ ਆਈ ਸਗੋਂ ਉਨਾਂ ਦੇ ੳਪਦੇਸ਼ ਨੂੰ ਮੰਨ ਕੇ ਸਾਰੀ ਤਬਦੀਲੀ ਆਈ ਸੀ।
2. ਕਈਆਂ ਅਖੌਤੀ ਮਹਾਂਪੁਰਸ਼ਾਂ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਪਰਗਟ ਹੋਏ (ਇਹ ਮੰਨਿਆ ਅਤੇ ਦੱਸਿਆ ਜਾਂਦਾ ਹੈ) ਅਤੇ ਪਰਚਾਰਿਆ ਜਾਂਦਾ ਹੈ ਕਿ ਜਦੋਂ ਬੰਦਾ ਔਖੇ ਸਮੇ ਵਿੱਚ ਹੋਵੇ, ਜੇ ਉਹ ਗੁਰੂ ਸਾਹਿਬ ਨੂੰ ਯਾਦ ਕਰੇ ਤਾਂ ਗੁਰੂ ਸਾਹਿਬ ਪਰਗਟ ਹੋ ਕੇ ੳਸਦੀ ਰੱਖਿਆ ਕਰਦੇ ਹਨ। ਇਹ ਸਾਰੀਆਂ ਸਿੱਖ ਕੌਮ ਨੂੰ ਸੁਆਉਣ ਦੀਆਂ ਚਾਲਾਂ ਹਨ, ਜੇ ਗੁਰੂ ਸਾਹਿਬ ਦਾ ਜੀਵਨ ਦੇਖੀਏ ਤਾਂ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਜਗਾ ਕੇ ਆਪਣੀ ਰੱਖਿਆ ਆਪ ਕਰਨਾ ਸਿਖਾਇਆ ਹੈ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਛੋਟੇ ਸਾਹਿਬਜਾਦੇ ਗੁਰੂ ਜੀ ਤੋਂ 70-80 ਕਿਲੋਮੀਟਰ ਦੂਰ ਸ਼ਹੀਦ ਕੀਤੇ ਗਏ ਅਤੇ ਵੱਡੇ ਸਾਹਿਬਜਾਦੇ ਤੇ ਜਾਨ ਨਾਲੋਂ ਪਿਆਰੇ ਸਿੱਖ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਪਰ ਗੁਰੂ ਸਾਹਿਬ ਨੇ ਪਰਗਟ ਹੋ ਕੇ ਕਰਾਮਾਤੀ ਰੱਖਿਆ ਵਾਲਾ ਭਾਣਾ ਕਿਤੇ ਨਹੀਂ ਵਰਤਾਇਆ, ਗੁਰੂ ਸਾਹਿਬ ਸਾਨੂੰ ਇਹ ਸਮਝਾਉਣਾਂ ਚਾਹੁੰਦੇ ਸਨ ਕਿ ਸਿੱਖਾ ਤੈਨੂੰ ਆਪਣੀ ਰੱਖਿਆ ਲਈ ਆਪ ਤਿਆਰ ਹੋਣਾ ਪਵੇਗਾ।
3. ਜੇ ਮੰਨ ਵੀ ਲਈਏ ਕਿ ਇਕੱਲੇ ਦਰਸ਼ਨਾਂ ਨਾਲ ਪਾਰ ਉਤਾਰਾ ਹੋ ਜਾਂਦਾ ਹੈ ਤਾਂ ਮੈ ਆਪ ਸਾਰਿਆਂ ਨੂੰ ਪੁੱਛਣਾ ਚਾਹੁੰਦਾਂ ਹਾਂ ਕੀ ਅੱਜ ਸਾਡਾ ਗੁਰੂ ਕੌਣ ਹੈ? ਕੀ ਸਾਡੇ ਗੁਰੂ ਅੱਜ ਗੁਰੂ ਗ੍ਰੰਥ ਸਾਹਿਬ ਜੀ ਨਹੀਂ, ਜੇ ਹਨ ਤਾਂ ਅਸੀ ਸਾਰੇ ਉਹਨਾਂ ਦੇ ਦਰਸ਼ਨ ਹਰ ਰੋਜ ਕਰਦੇ ਹਾਂ ਪਰ ਅਜੇ ਤੱਕ ਸਾਡੀ ਕੌਮ ਦਾ ਕੋਈ ਪਾਰ ਉਤਾਰਾ ਨਹੀਂ ਹੋਇਆ।
ਅੱਜ ਸਾਨੂੰ ਲੋੜ ਹੈ ਜਾਗਣ ਦੀ ਇਹ ਸਮਝਣ ਦੀ ਕਿ ਅਸੀ ਆਵਦੀ ਰਾਖੀ ਖੁਦ ਕਰਨੀ ਹੈ ਸਾਡੇ ਪਾਸ ਸਾਡੇ ਗੁਰੂ ਗ੍ਰੰਥ ਸਾਹਿਬ ਹਨ ਉਹਨਾਂ ਤੋ ਸੇਧ ਲੈ ਕੇ ਆਪਣਾ ਜੀਵਨ ਸਫਲਾ ਬਣਾਉਣਾ ਹੈ ਨਾਂ ਕਿ ਉਹਨਾਂ ਸਾਧਾਂ ਦੇ ਮਗਰ ਲੱਗਣਾ ਹੈ ਜਿਹੜੇ ਇਹ ਕਹਿੰਦੇ ਹਨ ਕਿ ਸਾਨੂੰ ਗੁਰੂ ਨਾਨਕ ਜੀ ਜਾਂ ਗਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਹਨ।

–ਬਲਜਿੰਦਰ ਸਿੰਘ ਨਿਊਜ਼ੀਲੈਂਡ